- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਮ ਸ੍ਰੀ ਸਕੂਲ ਮਹਿਲਾਂ ’ਚ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਿੜ੍ਹਬਾ : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਕੌਮੀ ਸੇਵਾ ਯੋਜਨਾ ਇਕਾਈ ਅਤੇ ਲੀਗਲ ਲਿਟਰੇਸੀ ਕਲੱਬ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਕਾਨੂੰਨਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ, ਪੋਕਸੋ ਐਕਟ, ਜਿਨਸੀ ਸ਼ੋਸ਼ਣ, ਦਾਜ ਪ੍ਰਥਾ, ਨਸ਼ਿਆਂ ਖਿਲਾਫ, ਗੁੱਡ ਟੱਚ, ਬੈਡ ਟੱਚ ਆਦਿ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਲੈਕਚਰਾਰ ਹਿਸਟਰੀ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਅਤੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਸਕੂਲ ਵਿੱਚ ਵੱਖ-ਵੱਖ ਸਮੇਂ ਤੇ ਇਨ੍ਹਾਂ ਸਾਰੀਆਂ ਸਮਾਜਿਕ ਬੁਰਾਈਆਂ ਪ੍ਰਤੀ ਕੀਤੇ ਜਾਂਦੇ ਯਤਨਾਂ ਬਾਰੇ ਦੱਸਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਈ ਗੁਰਦਾਸ ਕਾਲਜ ਆਫ ਲਾਅ ਸੰਗਰੂਰ ਦੇ ਵਿਦਿਆਰਥੀ ਰੁਪਿੰਦਰ ਕੌਰ ਅਤੇ ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਪੋਕਸੋ ਐਕਟ ਬਾਰੇ ਜਾਣਕਾਰੀ ਮੁਹੱਈਆ ਕੀਤੀ। ਉਨ੍ਹਾਂ ਦੱਸਿਆ ਕਿ ਸਾਨੂੰ ਸਕੂਲਾਂ, ਕਾਲਜਾਂ ਜਾਂ ਹੋਰ ਜਨਤਕ ਥਾਵਾਂ ਉੱਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਕਈ ਵਾਰੀ ਗਲਤ ਸੋਚ ਨਾਲ ਟੱਚ ਕੀਤਾ ਜਾਂਦਾ ਹੈ ਜਿਸ ਸਬੰਧੀ ਸਾਨੂੰ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਜਾਰੀ ਹੈਲਪਲਾਈਨ ਨੰਬਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਜਿਸ ਵਿੱਚ ਆਰਥਿਕ ਨੁਕਸਾਨ ਜਾਂ ਆਨਲਾਈਨ ਤਰੀਕੇ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ, ਬਾਰੇ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਹੈਲਪ ਲਾਈਨ ਨੰਬਰ ਜਿਵੇਂ 1098,112, 1930 ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਸ਼ੁਭਮ ਗਰਗ ਅਤੇ ਅਧਿਕਾਰ ਮਿੱਤਰ ਸੁਰਿੰਦਰ ਸਿੰਘ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਕੇ ਮਾਪਿਆਂ ਅਤੇ ਅਧਿਆਪਕਾਂ ਦਾ ਸਮਾਜ ਵਿੱਚ ਸਤਿਕਾਰ ਵਧਾਉਣ ਦੀ ਗੱਲ ਆਖੀ ਗਈ। ਇਸ ਸੈਮੀਨਾਰ ਦੇ ਅੰਤ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਭੇਜੇ ਗਏ ਸਾਰੇ ਵਲੰਟੀਅਰ ਅਤੇ ਲਾਅ ਕਾਲਜ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਮੋਬਾਈਲ ਤੇ ਅਣਜਾਣੇ ਲੋਕਾਂ ਨਾਲ ਮਿੱਤਰਤਾ ਨਹੀਂ ਕਰਨੀ ਚਾਹੀਦੀ।
ਇਸ ਮੌਕੇ ਨਵਰਾਜ ਕੌਰ, ਗੁਰਮੀਤ ਕੌਰ, ਗਗਨਜੋਤ ਕੌਰ, ਪ੍ਰੀਤੀ ਰਾਣੀ, ਸੁਖਵਿੰਦਰ ਕੌਰ, ਕੰਚਨ ਸਿੰਗਲਾ, ਹਰਵਿੰਦਰ ਸਿੰਘ, ਹਰਦੇਵ ਕੌਰ,ਮਨਜੀਤ ਸਿੰਘ, ਨਵਨੀਤ ਯਾਦਵ ਹਾਜ਼ਰ ਸਨ।