ਐੱਲਏਡੀਸੀ ਨੀਤੀ ਦੇ ਵਿਰੋਧ ’ਚ ਵਕੀਲਾਂ ਵੱਲੋਂ ਹੜਤਾਲ ਐੱਲਏਡੀਸੀ ਨੀਤੀ ਦੇ ਵਿਰੋਧ 'ਚ ਬਰਨਾਲਾ ਦੇ ਵਕੀਲਾਂ ਨੇ ਚੇਅਰਮੈਨ ਰਾਣੂੰ ਦੀ ਅਗਵਾਈ 'ਚ ਮੁਕੰਮਲ ਹੜਤਾਲ, ਕੀਤਾ ਰੋਸ ਪ੍ਰਦਰਸ਼ਨ
Publish Date: Tue, 07 Jul 2026 05:47 PM (IST)
Updated Date: Wed, 08 Jul 2026 04:01 AM (IST)
ਬਾਰ ਐਸੋਸੀਏਸ਼ਨ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ, ਕੀਤਾ ਰੋਸ ਪ੍ਰਦਰਸ਼ਨ : ਰਾਣੂੰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ ਐਲਏਡੀਸੀ (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਵਿਰੋਧ ’ਚ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ’ਚ ਮੁਕੰਮਲ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਗਲਵਾਰ ਸਵੇਰੇ ਜ਼ਿਲ੍ਹਾ ਅਦਾਲਤ ਕੰਪਲੈਕਸ, ਬਰਨਾਲਾ ਵਿਖੇ ਵੱਡੀ ਗਿਣਤੀ ’ਚ ਵਕੀਲ ਇਕੱਠੇ ਹੋਏ ਤੇ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਆਪਣਾ ਰੋਸ ਪ੍ਰਗਟਾਇਆ। ਇਸ ਦੌਰਾਨ ਵਕੀਲਾਂ ਨੇ ਐੱਲਈਡੀਸੀ ਪ੍ਰਣਾਲੀ ਨੂੰ ਖ਼ਤਮ ਕਰਕੇ ਪਹਿਲਾਂ ਵਾਲੀ ਪ੍ਰਣਾਲੀ ਮੁੜ ਬਹਾਲ ਕਰਨ ਦੀ ਮੰਗ ਕੀਤੀ, ਜਿਸ ਅਧੀਨ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਰਾਹੀਂ ਵਕੀਲਾਂ ਦੀ ਪੈਨਲਮੈਂਟ ਕੀਤੀ ਜਾਂਦੀ ਸੀ। ਇਸ ਮੌਕੇ ਵਕੀਲ ਭਾਈਚਾਰੇ ਦਾ ਕਹਿਣਾ ਹੈ ਕਿ ਮੌਜੂਦਾ ਇਜ ਨੀਤੀ ’ਚ ਕਈ ਖਾਮੀਆਂ ਹਨ, ਜਿਸ ਕਾਰਨ ਵਕੀਲਾਂ ਦੀ ਪੇਸ਼ੇਵਰ ਸੁਤੰਤਰਤਾ ਤੇ ਹਿੱਤ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ ਤੇ ਇਸ ’ਚ ਸੁਧਾਰ ਦੀ ਸਖ਼ਤ ਲੋੜ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਨੇ ਮੰਗ ਕੀਤੀ ਕਿ ਭਾਰਤ ਦੇ ਮਾਨਯੋਗ ਮੁੱਖ ਨਿਆਂਧੀਸ਼, ਐੱਨਏਐੱਲਐੱਸ ਏ ਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਪੀਐੱਲਐੱਸਏ ਤੁਰੰਤ ਮੌਜੂਦਾ ਐੱਲਏਡੀਸੀ ਨੀਤੀ ਨੂੰ ਰੱਦ ਕਰਕੇ ਪਹਿਲਾਂ ਵਾਲੀ ਪੈਨਲ ਪ੍ਰਣਾਲੀ ਬਹਾਲ ਕਰਨ। ਬਾਰ ਐਸੋਸੀਏਸ਼ਨ ਦੇ ਮਤੇ ਅਨੁਸਾਰ ਅੱਜ ਤੋਂ ਸ਼ੁਰੂ ਹੋਈ ਇਹ ਮੁਕੰਮਲ ਹੜਤਾਲ ਜੁਆਇੰਟ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਤੱਕ ਜਾਰੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਦਾ ਕੋਈ ਵੀ ਮੈਂਬਰ ਕਿਸੇ ਵੀ ਅਦਾਲਤ, ਟ੍ਰਿਬਿਊਨਲ ਜਾਂ ਹੋਰ ਅਥਾਰਟੀ ਅੱਗੇ ਪੇਸ਼ ਨਹੀਂ ਹੋਵੇਗਾ। ਵਕੀਲਾਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਸਗੋਂ ਵਕੀਲ ਭਾਈਚਾਰੇ ਦੀ ਪੇਸ਼ੇਵਰ ਮਰਿਆਦਾ, ਸੁਤੰਤਰਤਾ ਤੇ ਨਿਆਂ ਪ੍ਰਣਾਲੀ ਦੀ ਪਾਰਦਰਸ਼ਤਾ ਦੀ ਰੱਖਿਆ ਲਈ ਲੜਿਆ ਜਾ ਰਿਹਾ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ, ਐਡਵੋਕੇਟ ਜਤਿੰਦਰਪਾਲ ਸਿੰਘ ਗਿੱਲ, ਐਡਵੋਕੇਟ ਗੁਰਕਮਲਵੀਰ ਮਾਨ, ਐਡਵੋਕੇਟ ਦਲਜਿੰਦਰ ਜੋਹਲ, ਐਡਵੋਕੇਟ ਗੁਰਤੇਜ ਮਾਨ, ਐਡਵੋਕੇਟ ਦੇਵਿੰਦਰ ਸਿੰਘ, ਐਡਵੋਕੇਟ ਮੁਨੀਸ਼ ਕੁਮਾਰ ਗਰਗ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਧਰਮਪਾਲ ਸਿੰਘ, ਦੋ ਗੇਟ ਰਘਵਿੰਦਰ ਸਿੰਘ ਸਿੱਧੂ, ਨੀਤਨ ਬਾਂਸਲ, ਤਾਰੁਸ ਗੋਇਲ, ਰਜਨੀਸ਼ ਕੁਮਾਰ, ਐਡਵੋਕੇਟ ਪਰਨਵ, ਐਡਵੋਕੇਟ ਹਰਮਨਦੀਪ ਸਿੰਘ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਗੁਰਪ੍ਰੀਤਪਾਲ ਸਿੰਘ, ਐਡਵੋਕੇਟ ਪੁਲਕਿਤ ਗਰਗ, ਐਡਵੋਕੇਟ ਪਾਰਸਦੀਪ ਕੁਮਾਰ, ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਗੁਰਮੀਤ ਸਰਾਓ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਤੇ ਐਡਵੋਕੇਟ ਯਾਦਵ ਸ਼ਰਮਾ ਜੁਆਇੰਟ ਸਕੱਤਰ ਆਦਿ ਨੇ ਬਾਰ ਐਸੋਸੀਏਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਨਾਰੇਬਾਜ਼ੀ ਕੀਤੀ।