- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਪਾਲ ਸਿੰਘ ਤੇ ਉਸਦੇ ਪਰਿਵਾਰ ਖਿਲਾਫ ਐੱਨ. ਕੇ. ਸ਼ਰਮਾ ਦੇ ਗੰਭੀਰ ਦੋਸ਼

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਸੀਨੀਅਰ ਅਕਾਲੀ ਆਗੂ ਤੇ ਟਰੇਡਿੰਗ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ ਨੇ ਬਰਨਾਲਾ ਵਿਖੇ ਵਪਾਰੀਆਂ ਨਾਲ ਕੀਤੀ ਗਈ ਇੱਕ ਮਿਲਣੀ ਦੌਰਾਨ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਉੱਤੇ ਬਹੁਤ ਹੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੁਬਈ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦਾ ਹੁੰਦਾ ਸੀ ਅਤੇ ਉਸਦਾ ਆਪਣਾ ਸਕਾ ਭਰਾ ਵੀ ਨਸ਼ਾ ਕਰਦਿਆਂ ਫੜਿਆ ਗਿਆ ਸੀ। ਐੱਨ. ਕੇ. ਸ਼ਰਮਾ ਨੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੇ ਹਨ, ਉਹ ਪਹਿਲਾਂ ਆਪਣੇ ਘਰਾਂ ਨੂੰ ਨਸ਼ਾ ਮੁਕਤ ਕਰਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਸਕਾ ਭਰਾ ਖ਼ੁਦ ਨਸ਼ੇ ਦੀ ਲਪਤ ਵਿੱਚ ਫੜਿਆ ਜਾ ਚੁੱਕਾ ਹੈ। ਜਦੋਂ ਇਸ ਸਬੰਧੀ ਉਨ੍ਹਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦਾ ਜਵਾਬ ਗੋਲ-ਮੋਲ ਸੀ ਅਤੇ ਉਨ੍ਹਾਂ ਇਹ ਆਖਿਆ ਕਿ ਜੇਕਰ ਪੰਜਾਬ ਵਿੱਚ ਨਸ਼ੇ ਵਿਕਦੇ ਹਨ, ਤਾਂ ਹੀ ਨੌਜਵਾਨ ਇਸ ਦੀ ਵਰਤੋਂ ਕਰਦੇ ਹਨ।
ਸਿਆਸੀ ਏਜੰਡੇ ਬਾਰੇ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਆਇਆ ਸੀ, ਤਾਂ ਉਸਦਾ ਮੁੱਖ ਏਜੰਡਾ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣਾ ਸੀ। ਉਨ੍ਹਾਂ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਹ ਸੰਸਦ ਵਿੱਚ ਐੱਮਪੀ ਵਜੋਂ ਸਹੁੰ ਚੁੱਕਣ ਪਹੁੰਚਿਆ, ਤਾਂ ਉਸਦੀ ਮਾਂ ਨੇ ਬਿਆਨ ਦਿੱਤਾ ਸੀ ਕਿ ਅੰਮ੍ਰਿਤਪਾਲ ਨੇ ਹਿੰਦੁਸਤਾਨ ਦੇ ਸੰਵਿਧਾਨ ਦੀ ਸਹੁੰ ਚੁੱਕ ਲਈ ਹੈ ਅਤੇ ਹੁਣ ਉਹ ਦੇਸ਼ ਦਾ ਬਣ ਗਿਆ ਹੈ, ਜਿਸ ਨਾਲ ਖਾਲਿਸਤਾਨ ਦਾ ਏਜੰਡਾ ਖ਼ਤਮ ਹੋ ਗਿਆ ਹੈ। ਇਸ ’ਤੇ ਅੰਮ੍ਰਿਤਪਾਲ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਇਹ ਤਾਂ ਮੇਰੀ ਮਾਂ ਹੀ ਨਹੀਂ ਹੈ।’ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਅੱਗ ਲਗਾਉਣ ਅਤੇ ਸੂਬੇ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਉਣ ਲਈ ਬਾਹਰੀ ਤਾਕਤਾਂ ਲਗਾਤਾਰ ਸਰਗਰਮ ਰਹੀਆਂ ਹਨ ਅਤੇ ਪੰਜਾਬ ਦਾ ਸ਼ਾਂਤ ਮਾਹੌਲ ਖ਼ਰਾਬ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਤਰੱਕੀ ਲਈ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਕਾਂਵੜ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਸ਼ੋਰੀ, ਸੀਨੀਅਰ ਅਕਾਲੀ ਆਗੂ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਸਣੇ ਅਕਾਲੀ ਆਗੂ, ਨੀਰਜ ਗਰਗ, ਵਰਕਰ ਤੇ ਬਰਨਾਲਾ ਸ਼ਹਿਰ ਦੇ ਵਪਾਰੀ ਹਾਜ਼ਰ ਸਨ।