- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮੂਲੀ ਝਗੜੇ ’ਚ ਕਬੱਡੀ ਖਿਡਾਰੀ ਦਾ ਕੀਤਾ ਕਤਲ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਪਿੰਡ ਰੋਗਲਾ ਵਿਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਕਬੱਡੀ ਖਿਡਾਰੀ ਦੇ ਘਰ ਦਾਖਲ ਹੋ ਕੇ ਪਰਿਵਾਰ ਵਾਲਿਆਂ ਦੀ ਕੁੱਟਮਾਰ ਕੀਤੀ। ਇਸ ਝਗੜੇ ਦੌਰਾਨ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ ਦੁਮਾਲੂ ਦੀ ਮੌਤ ਹੋ ਗਈ। ਜਦਕਿ ਉਸਦੇ ਪਰਿਵਾਰ ਵਾਲੇ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਰੋਗਲਾ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ ਦੁਮਾਲੂ ਦੇ ਘਰ ਆ ਕੇ ਕੁਝ ਹਥਿਆਰਬੰਦ ਵਿਅਕਤੀਆਂ ਅਤੇ ਔਰਤਾਂ ਵੱਲੋਂ ਪਰਿਵਾਰ ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਜਸਕਰਨ ਸਿੰਘ ਗੰਭੀਰ ਜਖਮੀ ਹੋ ਗਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵੀ ਸੱਟਾਂ ਲੱਗੀਆਂ। ਲੜਾਈ ਹੋਣ ਦਾ ਰੌਲਾ ਪੈਣ ਉੱਤੇ ਪਿੰਡ ਵਾਸੀ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਹਮਲਾ ਕਰਨ ਵਾਲੇ ਲੋਕ ਮੌਕੇ ਤੋਂ ਫਰਾਰ ਹੋ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਜਸਕਰਨ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਕੌਹਰੀਆਂ ਲੈ ਜਾਇਆ ਗਿਆ। ਉਸ ਤੋਂ ਬਾਅਦ ਉਸਨੂੰ ਸੰਗਰੂਰ ਰੈਫਰ ਕੀਤਾ ਗਿਆ। ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਸੰਗਰੂਰ ਹਸਪਤਾਲ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਪੀਜੀਆਈ ਲਿਜਾਣ ਲਈ ਰੈਫਰ ਕੀਤਾ ਗਿਆ। ਜਿਸ ਦੀ ਪੀਜੀਆਈ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਕਬੱਡੀ ਦਾ ਸਿਤਾਰਾ ਮੰਨਿਆ ਜਾਂਦਾ ਸੀ ਜਿਸ ਨੂੰ ਇੱਕ ਮਾਮੂਲੀ ਝਗੜੇ ਦੇ ਕਾਰਨ ਮੌਤ ਦੇ ਘਾਟ ਉਧਾਰ ਦਿੱਤਾ ਗਿਆ।
ਐਸਐਚਓ ਥਾਣਾ ਦਿੜ੍ਹਬਾ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਜੱਸੀ ਪੁੱਤਰ ਪ੍ਰਗਟ ਸਿੰਘ, ਗੁਰਜੋਤ ਪੁੱਤਰ ਪ੍ਰਗਟ ਸਿੰਘ, ਹਰਪ੍ਰੀਤ ਕੌਰ ਪਤਨੀ ਪ੍ਰਗਟ ਸਿੰਘ, ਪ੍ਰਗਟ ਸਿੰਘ ਪੁੱਤਰ ਜੋਧਾ ਸਿੰਘ, ਗੁਰਸੇਵਕ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਮੇਲ ਸਿੰਘ ਪੁੱਤਰ ਜੋਧਾ ਸਿੰਘ, ਗੁਰਪ੍ਰੀਤ ਕੌਰ ਪਤਨੀ ਗੁਰਮੇਲ ਸਿੰਘ, ਗੁਰਲਾਲ ਸਿੰਘ ਪੁੱਤਰ ਗੁਰਮੇਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਅਤੇ ਤਿੰਨ ਚਾਰ ਹੋਰ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਸਾਰੇ ਹੀ ਪਿੰਡ ਰੋਗਲਾ ਦੇ ਵਾਸੀ ਹਨ। ਜਿਨਾਂ ਵਿੱਚੋਂ ਲਵਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।