ਤੀਆਂ ਦੇ ਤਿਉਹਾਰ ’ਚ ਮੁਕਾਬਲਿਆਂ ’ਚ ਜੇਤੂ ਧੀਆਂ ਦਾ ਕੀਤਾ ਵਿਸੇ਼ਸ਼ ਸਨਮਾਨ ਪਿੰਡ ਸੇਖਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Wed, 19 Aug 2026 07:51 PM (IST)
Updated Date: Thu, 20 Aug 2026 04:04 AM (IST)
ਕੈਪਸ਼ਨ: ਤੀਆਂ ਦਾ ਤਿਉਹਾਰ ਮਨਾਉਣ ਸਮੇਂ ਮੁਕਾਬਲਿਆਂ ’ਚ ਜੇਤੂ ਧੀਆਂ ਦਾ ਸਨਮਾਨ ਕਰਨ ਸਮੇਂ ਗ੍ਰਾਮ ਪੰਚਾਇਤ ਤੇ ਨੁਮਾਇੰਦੇ। ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਪਿੰਡ ਸੇਖਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ ਦੀ ਧਰਮਪਤਨੀ ਮਨਰੀਤ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਦੌਰਾਨ ਪਿੰਡ ਦੀਆਂ ਮੁਟਿਆਰਾਂ ਤੇ ਸੁਆਣੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਯਾਦ ਕੀਤਾ। ਤੀਆਂ ਦੇ ਸਮਾਗਮ ਦੌਰਾਨ ਪੰਜਾਬੀ ਲੋਕ ਗੀਤ, ਗਿੱਧਾ, ਬੋਲੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਮੁਟਿਆਰਾਂ ਨੇ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ’ਚ ਸਜ ਕੇ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ। ਇਸ ਦੌਰਾਨ ਪੁਰਾਣੇ ਸਮੇਂ ਦੀਆਂ ਤੀਆਂ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਸਗੀਰ ਸਿੰਘ ਤੇ ਜਗਤਾਰ ਸਿੰਘ ਤਾਰਾ ਗਿੱਲ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਤਿਉਹਾਰ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਲੋਕ-ਰਵਾਇਤਾਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਤੀਆਂ ਦੇ ਤਿਉਹਾਰ ਨੂੰ ਸਾਂਝੇ ਤੌਰ ’ਤੇ ਮਨਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਕਿਕਲੀ, ਘੜੇ ’ਤੇ ਬੋਲੀ ਤੇ ਪੰਜਾਬੀ ਪਹਿਰਾਵਾ ਮੁਕਾਬਲੇ ਵੀ ਕਰਵਾਏ ਗਏ। ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਧੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਝਲਕ ਪੇਸ਼ ਕਰਦੀਆਂ ਗਿੱਧਾ, ਬੋਲੀਆਂ, ਲੋਕ ਗੀਤ, ਮਹਿੰਦੀ ਅਤੇ ਹੋਰ ਰਵਾਇਤੀ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਅਖ਼ਰ ’ਚ ਮੁਕਾਬਲਿਆਂ ’ਚ ਜੇਤੂ ਰਹੀਆਂ ਧੀਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਅਤੇ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਔਰਤਾਂ ਤੇ ਲੜਕੀਆਂ ਨੇ ਗਿੱਧੇ ਤੇ ਪੰਜਾਬੀ ਲੋਕ-ਗੀਤਾਂ ਨਾਲ ਖੂਬ ਰੌਣਕਾਂ ਲਾਈਆਂ। ਜੇਤੂ ਧੀਆਂ ਦੇ ਸਨਮਾਨ ’ਤੇ ਪਰਿਵਾਰਕ ਮੈਂਬਰਾਂ ਤੇ ਹਾਜ਼ਰੀਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਬੰਧਕਾਂ ਨੇ ਭਵਿੱਖ ’ਚ ਵੀ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਚਾਹ, ਪਕੌੜੇ ਆਦਿ ਖਾਣ ਪੀਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੁਖਦੀਪ ਕੌਰ ਧਾਲੀਵਾਲ ਤੇ ਖਿਡਾਰਣ ਅਰਸਵੀਰ ਕੌਰ, ਸੰਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕੁਲਵਿੰਦਰ ਕਿੰਦੀ, ਭੁਪਿੰਦਰ ਸਿੰਘ ਪਾਲੀ, ਮਿੱਠੂ, ਸੁਰਿੰਦਰ ਪਾਲ ਸਿੰਘ, ਜੋਧਾ ਸਿੰਘ, ਹਰਜੀਤ ਗਰੇਵਾਲ ਆਦਿ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਤੇ ਮੋਹਤਵਰ ਵਿਅਕਤੀ ਤੇ ਪਿੰਡ ਵਾਸੀ ਹਾਜ਼ਰ ਸਨ।