- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਜਾਰ ਸਿੰਘ ਤੂਰਬੰਜਾਰਾ ਅਤੇ ਮੋਹਨਜੀਤ ਸ਼ੇਰੋ ਨੂੰ ਦਵਾਇਆ ਜਾਵੇ ਇਨਸਾਫ: ਧਾਲੀਵਾਲ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਸਮਾਗਮ ਦੌਰਾਨ ਪਿੰਡ ਸ਼ੇਰੋ ਵਿਖੇ ਕਾਲੀਆਂ ਝੰਡੀਆਂ ਦਿਖਾ ਕੇ ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਸ਼ੇਰੋਂ ਦੇ ਮੋਹਨਜੀਤ ਸਿੰਘ ਤੇ ਪੁਲਿਸ ਤਸ਼ੱਦਦ ਦੇ ਮਾਮਲੇ ਸਬੰਧੀ ਅਖ਼ਬਾਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ, ਕਿ ਹੁਣ ਦਿੜ੍ਹਬਾ ਹਲਕੇ ਦੇ ਪਿੰਡ ਤੂਰਬੰਜਾਰਾ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਇੱਕ ਮਜ਼ਦੂਰ ਨੂੰ ਨਸ਼ਿਆਂ ਦਾ ਮੁੱਦਾ ਚੁੱਕਣ ਬਦਲੇ ਜਾਨ ਗਵਾਉਣੀ ਪਈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਜਨਰਲ ਸਕੱਤਰ ਸ਼ੇਰਵਿੰਦਰ ਸਿੰਘ ਧਾਲੀਵਾਲ ਡਸਕਾ ਨੇ ਕੀਤਾ। ਉਨ੍ਹਾਂ ਕਿਹਾ ਕਿ ਚਿੱਟਾ ਰੂਪੀ ਦੈਂਤ ਪੰਜਾਬ ਦੇ ਘਰ-ਘਰ ਵਿਚ ਵੜ ਚੁੱਕਿਆ ਹੈ, ਪਰੰਤੂ ਸਰਕਾਰ ਇਸ ਸਬੰਧੀ ਕੁਝ ਨਹੀਂ ਕਰ ਰਹੀ। ਪਿਛਲੇ ਦਿਨੀ ਮੋਹਨਜੀਤ ਸਿੰਘ ਸ਼ੇਰੋ ਨਾਲ ਹੋਇਆ ਧੱਕਾ ਸਭ ਨੂੰ ਪਤਾ ਹੈ, ਕਿ ਨਸ਼ਿਆਂ ਸਬੰਧੀ ਸਵਾਲ ਕਰਨ ਤੇ ਉਸ ਨੂੰ ਅਧ ਮਰਿਆ ਕਰ ਦਿੱਤਾ ਗਿਆ। ਸਿਰਫ ਉਸਨੇ ਨਸ਼ਿਆਂ ਸਬੰਧੀ ਸਵਾਲ ਕਰਦਿਆਂ ਸਮਾਗਮ ਦੌਰਾਨ ਕਾਲੀ ਝੰਡੀ ਵਿਖਾਈ ਸੀ ਜਿਸ ਦੀ ਬਹੁਤ ਵੱਡੀ ਸਜ਼ਾ ਉਸ ਨੂੰ ਦਿੱਤੀ ਗਈ।
ਹੁਣ ਦਿੜ੍ਹਬਾ ਹਲਕੇ ਦੇ ਪਿੰਡ ਤੂਰਬੰਜਾਰਾ ਵਿਖੇ ਗਰੀਬ ਵਰਗ ਨਾਲ ਸਬੰਧਤ ਗੁਲਜਾਰ ਸਿੰਘ ਨੂੰ ਇੱਕ ਸਵਾਲ ਪੁੱਛਣ ਬਦਲੇ ਮੌਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਲਜਾਰ ਸਿੰਘ ਨੇ ਵਿੱਤ ਮੰਤਰੀ ਨੂੰ ਸਵਾਲ ਪੁੱਛਿਆ ਕਿ ਚਿੱਟਾ ਬੰਦ ਕਿਉਂ ਨਹੀਂ ਹੈ ਹੋਇਆ, ਮੇਰਾ ਪੁੱਤ ਹਰ ਰੋਜ਼ ਚਿੱਟਾ ਲੈ ਕੇ ਆਉਂਦਾ ਹੈ, ਤਾਂ ਕਿੱਥੋਂ ਲੈ ਕੇ ਆਉਂਦਾ ਹੈ। ਗੁਲਜ਼ਾਰ ਸਿੰਘ ਵੱਲੋਂ ਪਾਈ ਵੀਡੀਓ ਮੁਤਾਬਕ ਉਸਨੂੰ ਪੰਚਾਇਤ ਨੇ ਜਲੀਲ ਕੀਤਾ ਜਿਸ ਦੇ ਚਲਦਿਆਂ ਉਸ ਨੇ ਸਲਫ਼ਾਸ ਖਾ ਲਈ। ਜਿਸ ਨੂੰ ਪਹਿਲਾਂ ਸੰਗਰੂਰ ਫਿਰ ਪਟਿਆਲਾ ਅਤੇ ਉਸ ਉਪਰੰਤ ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਉਹ ਦਮ ਤੋੜ ਗਿਆ। ਹੁਣ ਉਸਨੂੰ ਇਨਸਾਫ ਦਵਾਉਣ ਲਈ ਕਮੇਟੀ ਬਣੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਇੱਕਜੁੱਟ ਹੋ ਕੇ ਇਨ੍ਹਾਂ ਦੀ ਮੱਦਦ ਕੀਤੀ ਜਾਵੇ, ਮੋਹਨਜੀਤ ਸ਼ੇਰੋ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਚਿੱਟੇ ਸਮੇਤ ਹੋਰ ਨਸ਼ਿਆਂ ਤੇ ਨੱਥ ਪਾਈ ਜਾਵੇ।