ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਜ਼ਖ਼ਮੀ ਸਫ਼ਾਈ ਸੇਵਕਾਂ ਨਾਲ ਕੀਤੀ ਮੁਲਾਕਾਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਜ਼ਖ਼ਮੀ ਸਫ਼ਾਈ ਸੇਵਕਾਂ ਨਾਲ ਕੀਤੀ ਮੁਲਾਕਾਤ
Publish Date: Sun, 26 Jul 2026 06:25 PM (IST)
Updated Date: Mon, 27 Jul 2026 04:04 AM (IST)
: ਬਰਨਾਲਾ ਪੁਲਿਸ ਤੋਂ 28 ਜੁਲਾਈ ਤੱਕ ਵਿਸਥਾਰਿਤ ਰਿਪੋਰਟ ਤਲਬ : ਕਿਹਾ, ਸਫ਼ਾਈ ਸੇਵਕਾਂ ਨੂੰ ਇਲਾਜ ਲਈ ਕੋਈ ਪੈਸਾ ਨਹੀਂ ਖਰਚਣਾ ਪਵੇਗਾ : ਕਮਿਸ਼ਨ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ: ਚੇਅਰਮੈਨ ਗੜ੍ਹੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸਿਵਲ ਹਸਪਤਾਲ ਬਰਨਾਲਾ ਪੁੱਜੇ ਤੇ ਪਿਛਲੇ ਦਿਨੀਂ ਲਾਠੀਚਾਰਜ ਦੌਰਾਨ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਵਿਚ ਦਾਖ਼ਲ ਦਰਜਨ ਦੇ ਕਰੀਬ ਸਫ਼ਾਈ ਸੇਵਕਾਂ ਨਾਲ ਮੁਲਾਕਾਤ ਕੀਤੀ ਤੇ ਸਿਹਤ ਵਿਭਾਗ ਬਰਨਾਲਾ ਤੋਂ ਜ਼ਖ਼ਮੀ ਸਫ਼ਾਈ ਸੇਵਕਾਂ ਦੀ ਸਿਹਤ ਸਬੰਧੀ ਰਿਪੋਰਟ ਲਈ। ਇਸ ਮਗਰੋਂ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਰਨਾਲਾ ਵਿੱਚ ਸਫ਼ਾਈ ਸੇਵਕਾਂ ’ਤੇ ਹੋਇਆ ਲਾਠੀਚਾਰਜ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 22 ਜੁਲਾਈ ਨੂੰ ਵਾਪਰੀ ਸੀ ਤੇ 23 ਜੁਲਾਈ ਨੂੰ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਘਟਨਾ ਦਾ ਸੂ-ਮੋਟੋ ਲਿਆ। ਉਨ੍ਹਾਂ ਕਿਹਾ 24 ਜੁਲਾਈ ਨੂੰ ਸਬੰਧਤ ਡੀਐੱਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ 28 ਜੁਲਾਈ ਨੂੰ ਬਰਨਾਲਾ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਇਸ ਦੇ ਨਾਲ ਹੀ ਸਫ਼ਾਈ ਸੇਵਕ ਯੂਨੀਅਨ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਜਿਸ ਮਗਰੋਂ ਸਾਰੇ ਤੱਥਾਂ ਨੂੰ ਘੋਖਦੇ ਹੋਏ ਫ਼ੈਸਲਾ ਕੀਤਾ ਜਾਵੇਗਾ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਫ਼ਾਈ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਬੇਹੱਦ ਮੁਸ਼ਕਿਲ ਹਾਲਾਤ ’ਚੋਂ ਨਿਕਲ ਕੇ ਆਉਂਦੇ ਹਨ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਪੀੜਤ ਸਫ਼ਾਈ ਸੇਵਕਾਂ ਦਾ ਹਾਲ ਜਾਣਨ ਲਈ ਏਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਦਰਜਨ ਦੇ ਕਰੀਬ ਸਫ਼ਾਈ ਸੇਵਕ ਹਸਪਤਾਲ ਦਾਖਲ ਹਨ ਜਿਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਦੇਖੀਆਂ ਗਈਆਂ ਹਨ ਤੇ ਸਬੰਧਤ ਡਾਕਟਰਾਂ ਤੋਂ ਵੀ ਉਨ੍ਹਾਂ ਦੀ ਸਿਹਤ ਸਬੰਧੀ ਰਿਪੋਰਟ ਲਈ ਗਈ ਹੈ ਤਾਂ ਜੋ ਕੋਈ ਵੀ ਪੱਖ ਅਣਗੌਲਿਆ ਨਾ ਰਹੇ। ਇਸ ਮੌਕੇ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਉੱਤੇ ਜਬਰ-ਜੁਲਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਮੀਡੀਆ ਦੇ ਸਵਾਲਾਂ ਦੇ ਜਵਾਬ ’ਚ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਜ਼ਖਮੀ ਸਫ਼ਾਈ ਸੇਵਕਾਂ ਨੂੰ ਇਲਾਜ ਲਈ ਇਕ ਵੀ ਪੈਸਾ ਨਹੀਂ ਖਰਚਣਾ ਪਵੇਗਾ, ਉਨ੍ਹਾਂ ਦਾ ਹਰ ਤਰ੍ਹਾਂ ਦਾ ਇਲਾਜ ਮੁਫ਼ਤ ਹੋਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਇਸ ਤੋਂ ਪਹਿਲਾਂ ਚੇਅਰਮੈਨ ਗੜ੍ਹੀ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ ਦੀ ਰਿਹਾਇਸ਼ ਤੇ ਕਮਿਸ਼ਨ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ’ਚ ਮੈਂਬਰ ਰੁਪਿੰਦਰ ਸਿੰਘ ਸੀਤਲ, ਮੈਂਬਰ ਗੁਲਜ਼ਾਰ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਮੌਜੂਦ ਸਨ। ਇਸ ਮੌਕੇ ਉਹਨਾਂ ਕਿਹਾ ਕਿ ਕਮਿਸ਼ਨ ਦਾ ਉਦੇਸ਼ ਪੀੜਤਾਂ ਨੂੰ ਬਿਨਾ ਦੇਰੀ ਇਨਸਾਫ਼ ਦਿਵਾਉਣਾ ਹੈ। ਅਨੁਸੂਚਿਤ ਜਾਤੀਆਂ ਉੱਤੇ ਜੁਲਮ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਓਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਮਾਮਲੇ ਨੂੰ ਬਿਨਾ ਦੇਰੀ ਪੂਰੀ ਸੰਵੇਦਨਸ਼ੀਲਤਾ ਨਾਲ ਵਿਚਾਰਿਆ ਜਾਵੇ। ਇਸ ਮੌਕੇ ਹਸਪਤਾਲ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਵੀ ਮੌਜੂਦ ਸਨ। ਡੀਸੀ ਤੇ ਐੱਸਐੱਸਪੀ ਨਾਲ ਕੀਤੀ ਮੀਟਿੰਗ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੇ ਜਿੱਥੇ ਉਨ੍ਹਾਂ ਨੂੰ ਬਰਨਾਲਾ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮਗਰੋਂ ਓਹਨਾਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਐੱਸਐੱਸਪੀ ਮੁਹੰਮਦ ਸਰਫਰਾਜ਼ ਆਲਮ ਆਈਪੀਐੱਸ ਨਾਲ ਮੀਟਿੰਗ ਕੀਤੀ। ਉਨ੍ਹਾਂ ਪੁਲਿਸ ਤੋਂ 28 ਜੁਲਾਈ ਨੂੰ ਕਮਿਸ਼ਨ ਦੇ ਦਫ਼ਤਰ ਵਿਸਥਾਰਿਤ ਰਿਪੋਰਟ ਤਲਬ ਕੀਤੀ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।