- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਗੁਰਦਾਸ ਕਾਲਜ ’ਚ ਆਈਐੱਸਟੀਈ ਐਵਾਰਡ ਸਮਾਰੋਹ ਕਰਵਾਇਆ

ਛੇ ਸਿੱਖਿਆ ਸ਼ਾਸਤਰੀਆਂ ਦਾ ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਨੈਸ਼ਨਲ ਪੱਧਰ ਦੇ ਟੈਕ-ਫੈਸਟ ‘ਆਰਮੈਗਡਨ-26.1’ ਕੀਤਾ ਗਿਆ। ਇਸ ਮੌਕੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ਆਈਐੱਸਟੀਈ), ਨਵੀਂ ਦਿੱਲੀ ਵੱਲੋਂ ਰੀਜਨਲ ਕਨਵੈਨਸ਼ਨ ਅਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਸਿੱਖਿਆ ਅਤੇ ਤਕਨੀਕੀ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਛੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਆਈਐੱਸਟੀਈ ਐਜੂਕੇਸ਼ਨਲ ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਏ ਸਮਾਗਮ ਵਿੱਚ ਆਈਐੱਸਟੀਈ ਦੇ ਐਗਜ਼ੈਕਟਿਵ ਸਕੱਤਰ ਡਾ. ਐੱਸਐੱਮ ਅਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਬੂਟਾ ਸਿੰਘ ਸਿੱਧੂ, ਵਾਈਸ ਚਾਂਸਲਰ ਸ਼ੋਭਿਤ ਯੂਨੀਵਰਸਿਟੀ ਗੰਗੋਹ, ਸਹਾਰਨਪੁਰ, ਡਾ. ਮਨੋਜ ਕੁਮਾਰ, ਵਾਈਸ ਚਾਂਸਲਰ ਡੀਏਵੀ ਯੂਨੀਵਰਸਿਟੀ ਜਲੰਧਰ, ਡਾ. ਮਨੀਕਾਂਤ ਪਾਸਵਾਨ, ਡਾਇਰੈਕਟਰ ਸਲਾਈਟ ਲੌਂਗੋਵਾਲ, ਡਾ. ਮਨਜੀਤ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡੀਨ, ਡਾ. ਸਤਵਿੰਦਰ ਸਿੰਘ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਅਤੇ ਡਾ. ਵਿਕਾਸ ਚਾਵਲਾ ਸਮੇਤ ਹੋਰ ਸਿੱਖਿਆ ਸ਼ਾਸਤਰੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਸਮਾਗਮ ਦੀ ਸ਼ੁਰੂਆਤ ਕੈਂਪਸ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਅਤੇ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਡਾ. ਤਨੂਜਾ ਸ੍ਰੀਵਾਸਤਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੀਆਂ ਵਿੱਦਿਅਕ, ਤਕਨੀਕੀ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਦਿਆਰਥੀਆਂ ਵੱਲੋਂ ‘ਕਲਰਜ਼ ਆਫ਼ ਬੀਜੀਜੀਆਈ’ ਸਿਰਲੇਖ ਹੇਠ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਅਫਰੀਕਾ ਅਤੇ ਨੇਪਾਲ ਸਮੇਤ ਹੋਰ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ-ਆਪਣੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਸਮਾਗਮ ਦੌਰਾਨ ਡਾ. ਬੂਟਾ ਸਿੰਘ ਸਿੱਧੂ, ਡਾ. ਮਨੋਜ ਕੁਮਾਰ, ਡਾ. ਮਨੀਕਾਂਤ ਪਾਸਵਾਨ, ਡਾ. ਮਨਜੀਤ ਸਿੰਘ, ਡਾ. ਸਤਵਿੰਦਰ ਸਿੰਘ ਅਤੇ ਡਾ. ਵਿਕਾਸ ਚਾਵਲਾ ਨੂੰ ਆਈਐੱਸਟੀਈ ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਵਜੋਂ ਉਨ੍ਹਾਂ ਨੂੰ ਸਰਟੀਫਿਕੇਟ, ਮੈਡਲ, ਸ਼ੀਲਡ ਅਤੇ ਫੁਲਕਾਰੀ ਭੇਟ ਕੀਤੀ ਗਈ। ਮੁੱਖ ਮਹਿਮਾਨ ਡਾ. ਐੱਸ.
ਐੱਮ ਅਲੀ ਅਤੇ ਹੋਰ ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਸੰਸਥਾ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਾਲਜ ਦੇ ਅਨੁਸ਼ਾਸਿਤ ਵਾਤਾਵਰਣ ਅਤੇ ਵਿੱਦਿਅਕ ਮਾਹੌਲ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਉਪਰੰਤ ਮਹਿਮਾਨਾਂ ਨੇ ਫੈਸਟ ਗਰਾਊਂਡ ਵਿੱਚ ਲਗਾਏ ਗਏ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵਿਗਿਆਨ ਤੇ ਤਕਨਾਲੋਜੀ ਨਾਲ ਸਬੰਧਤ ਪ੍ਰੋਜੈਕਟਾਂ ਅਤੇ ਮਾਡਲਾਂ ਦਾ ਨਿਰੀਖਣ ਕੀਤਾ। ਮੇਨ ਗਰਾਊਂਡ ਵਿੱਚ ਚੱਲ ਰਹੇ ਜੈਮ ਸੈਸ਼ਨ ਦੌਰਾਨ ਵੀ ਵਿਦਿਆਰਥੀਆਂ ਦੇ ਜੋਸ਼ ਅਤੇ ਮੁਕਾਬਲੇ ਦੀ ਭਾਵਨਾ ਨੇ ਮਹਿਮਾਨਾਂ ਦਾ ਮਨ ਮੋਹ ਲਿਆ।
ਇਸ ਮੌਕੇ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਆਈਐੱਸਟੀਈ ਵੱਲੋਂ ਸੰਸਥਾ ਵਿੱਚ ਰੀਜ਼ਨਲ ਕਨਵੈਨਸ਼ਨ ਅਤੇ ਨੈਸ਼ਨਲ ਸੈਮੀਨਾਰ ਕਰਵਾਇਆ ਜਾਣਾ ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਐਵਾਰਡ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗਰੁੱਪ ਦੀ ਸਕੱਤਰ ਮੈਡਮ ਬਲਜਿੰਦਰ ਕੌਰ ਜਵੰਧਾ ਨੇ ਵੀ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਐੱਮਡੀ ਡਾ. ਸੁਵਰੀਤ ਕੌਰ ਜਵੰਧਾ ਨੇ ਸਟਾਫ਼ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਕੈਂਪਸ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇ ਐਵਾਰਡ ਜੇਤੂ ਮਹਿਮਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਪਲਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨਾਲ ਸੰਪੰਨ ਹੋਇਆ।