- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰਪੁਰ ਤੋਂ ਭਗਵਾਨਪੁਰਾ ਸੜਕ ਦਾ ਮਸਲਾ ਭਖਿਆ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਲੇਕੋਟਲਾ/ ਸ਼ੇਰਪੁਰ : ਸ਼ੇਰਪੁਰ ਤੋਂ ਭਗਵਾਨਪੁਰਾ ਦੀ ਥਾਂ ਥਾਂ ਤੋਂ ਟੁੱਟ ਚੁੱਕੀ ਸੜਕ ਅਤੇ ਟੋਇਆ ’ਚ ਭਰੇ ਗੋਡੇ-ਗੋਡੇ ਪਾਣੀ ਨੇ ਅੱਜ ਕੱਲ ਰਾਹਗੀਰਾਂ ਲਈ ਵੱਡੀ ਮੁਸੀਬਤ ਖੜੀ ਕੀਤੀ ਹੋਈ ਹੈ। ਜਿਸ ਦੇ ਰੋਸ ਵਜੋਂ ਅੱਜ ਸਕੂਲ ਪ੍ਰਬੰਧਕਾਂ ਅਤੇ ਮਹੱਲਾ ਵਾਸੀਆਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਮਰੰਮਤ ਵੱਲ ਜਲਦ ਧਿਆਨ ਨਾਲ ਦਿੱਤਾ ਗਿਆ ਤਾਂ ਉਹ 4 ਅਕਤੂਬਰ ਨੂੰ ਸੜਕ ਜਾਮ ਕਰਕੇ ਧਰਨਾ ਦੇਣਗੇ।
ਲੋਕਾਂ ਨੇ ਰੋਸ ਜਤਾਇਆ ਕਿ ਮੌਜੂਦਾ ਵਿਧਾਇਕ ਅਤੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦੇ ਇਹ ਮਸਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਸੜਕ ਦੀ ਮਾੜੀ ਹਾਲਤ ਦਾ ਮਾਮਲਾ ਜਿਉਂ ਦਾ ਤਿਉਂ ਲਟਕ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਦਲਵੀਰ ਸਿੰਘ ਗਰੇਵਾਲ, ਭੋਲਾ ਸਿੰਘ, ਬੇਅੰਤ ਸਿੰਘ, ਬਹਾਦਰ ਸਿੰਘ, ਹਾਕਮ ਸਿੰਘ, ਸੁਖਦੇਵ ਸਿੰਘ ਅਤੇ ਲੀਲਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਰੋਸ ਜਤਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਅੰਦਰ 18 ਫੁੱਟੀਆਂ ਸੜਕਾਂ ਦੇ ਕਰਵਾਏ ਜਾ ਰਹੇ ਨਿਰਮਾਣ ਦੇ ਦਾਅਵੇ ਕਰ ਰਹੀ ਹੈ ਜਦੋਂ ਕਿ ਦੂਜੇ ਪਾਸੇ ਪਿੰਡਾਂ ਦੇ ਲਿੰਕ ਰੋਡ ਦੀ ਸਰਕਾਰ ਨੇ ਅਜੇ ਤੱਕ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਸ਼ੇਰਪੁਰ ਤੋਂ ਭਗਵਾਨਪੁਰਾ ਰੋਡ ਨੂੰ ਜਾਂਦੀ ਇਸ ਸੜਕ ਉੱਪਰ ਪੰਜਾਬ ਰਾਜ ਬਿਜਲੀ ਬੋਰਡ ਦਾ ਦਫਤਰ ਅਤੇ ਦੋ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਸਨੀ ਮੰਦਰ ਵੀ ਸਥਿਤ ਹੈ। ਜਿੱਥੇ ਲੋਕ ਆਪਣੀ ਆਸਥਾ ਮੁਤਾਬਿਕ ਮੱਥਾ ਟੇਕਣ ਆਉਂਦੇ ਹਨ ਉਥੇ ਸਕੂਲਾਂ ਦੇ ਬੱਚਿਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਲੰਘਣ ਵਿੱਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਸੜਕ ਦੀ ਹਾਲਤ ਜਿਉਣ ਦੀ ਤਿਉਂ ਹੈ। ਅਤੇ ਕਈ ਵਾਰ ਹਲਕਾ ਵਿਧਾਇਕ ਨੂੰ ਵੀ ਇਸ ਸੜਕ ਦੀ ਮਾੜੀ ਹਾਲਤ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਇੱਥੇ ਹੀ ਬਸ ਨਹੀਂ ਨੇੜਲੇ ਘਰਾਂ ਦਾ ਨਿਕਾਸੀ ਪਾਣੀ ਦਾ ਕੋਈ ਬਦਲ ਨਾ ਹੋਣ ਕਰਕੇ ਜ਼ਿਆਦਾਤਰ ਪਾਣੀ ਸੜਕ ਉੱਪਰ ਜਮ੍ਹਾਂ ਹੋ ਜਾਂਦਾ ਹੈ। ਲੋਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਸੜਕ ਦਾ ਜਲਦ ਨਿਰਮਾਣ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਡਣ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਕੁਲਦੀਪ ਸਿੰਘ, ਮਨਪ੍ਰੀਤ ਖਾਂ,ਜਸਬੀਰ ਕੌਰ, ਬਲਜੀਤ ਕੌਰ,ਕਰਮਜੀਤ ਕੌਰ, ਜਗਦੇਵ ਸਿੰਘ ਰਿਸ਼ੀ ਭਗਵਾਨਪੁਰਾ ਹਾਜ਼ਰ ਸਨ।
------
ਸੜਕ ਦੀ ਪ੍ਰਪੋਜਲ ਸਰਕਾਰ ਕੋਲ ਭੇਜੀ ਜਾ ਚੁੱਕੀ ਹੈ:ਪੰਡੋਰੀ
ਇਸ ਮਾਮਲੇ ਸਬੰਧੀ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸੜਕ ਦੀ ਪ੍ਰਪੋਜਲ ਬਣਾ ਕੇ ਸਬੰਧਤ ਵਿਭਾਗ ਕੋਲ ਭੇਜੀ ਹੋਈ ਹੈ ਅਤੇ ਜਿਸ ਨੂੰ ਜਲਦ ਹੀ ਬਣਾਇਆ ਜਾਵੇਗਾ।ਉਹਨਾਂ ਅੱਗੇ ਕਿਹਾ ਕਿ ਲੋਕ ਵੱਲੋਂ ਆਪਣਾ ਘਰਾਂ ਦਾ ਪਾਣੀ ਸੜਕ ਉੱਪਰ ਪਾਏ ਜਾਣ ਕਾਰਨ ਇਹ ਹਾਲਤ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਘਰਾਂ ਦੇ ਨਿਕਾਸੀ ਪਾਣੀ ਦੇ ਹੱਲ ਲਈ ਨੇੜਲੀ ਪੰਚਾਇਤੀ ਜਗ੍ਹਾ ਵਿੱਚ ਵੀ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।