ਸੇਵਾ ਕੇਂਦਰਾਂ ਦੀ ਥਾਂ ਮੁਹੱਲਾ ਕਲੀਨਿਕ ਬਣਾਉਣ ਦਾ ਮਾਮਲਾ ਭਖਿਆ ਸੇਵਾ ਕੇਂਦਰਾਂ ਦੀ ਥਾਂ ਮੁਹੱਲਾ ਕਲੀਨਿਕ ਬਣਾਉਣ ਦਾ ਮਾਮਲਾ ਭਖਿਆ
Publish Date: Tue, 22 Sep 2026 04:13 PM (IST)
Updated Date: Wed, 23 Sep 2026 04:00 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿੰਡ ਨੌਧਰਾਣੀ ਦੇ ਸੇਵਾ ਕੇਂਦਰ ਦੀ ਇਮਾਰਤ ਨੂੰ ਪਿੰਡ ਕਲੀਨਿਕ ਵਜੋਂ ਤਬਦੀਲ ਕਰਨ ਦਾ ਮਾਮਲਾ ਭਖ ਗਿਆ ਹੈ। ਕਿਸੇ ਸਮੇਂ ਇਸ ਸੇਵਾ ਕੇਂਦਰ ਵਿੱਚ ਲੋਕਾਂ ਦੀ ਚਹਿਲ ਪਹਿਲ ਹੁੰਦੀ ਸੀ ਅਤੇ ਇਲਾਕੇ ਦੇ 10-12 ਪਿੰਡਾਂ ਦੇ ਲੋਕ ਇਥੋਂ ਸਹੂਲਤਾਂ ਪ੍ਰਦਾਨ ਕਰਦੇ ਸੀ। ਜਿਸ ਦਾ ਅੱਜ ਕੱਲ੍ਹ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ। ਪੇਂਡੂ ਲੋਕਾਂ ਲਈ ਸੇਵਾ ਕੇਂਦਰਾਂ ਦੀ ਅਹਿਮੀਅਤ ਸੇਵਾ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਰਟੀਫਿਕੇਟਾਂ ਅਤੇ ਹੋਰ ਨਾਗਰਿਕ ਸੇਵਾਵਾਂ ਲਈ ਸਹੂਲਤ ਮਿਲਦੀ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪਿੰਡ ਪੱਧਰ ’ਤੇ ਇਹ ਕੇਂਦਰ ਚੱਲਦੇ ਸਨ ਤਾਂ ਜਾਤੀ, ਰਿਹਾਇਸ਼, ਆਮਦਨ ਅਤੇ ਹੋਰ ਸਰਟੀਫਿਕੇਟਾਂ ਸਮੇਤ ਪੈਨਸ਼ਨ ਨਾਲ ਸਬੰਧਤ ਕੰਮ, ਦਸਤਾਵੇਜ਼ਾਂ ਵਿੱਚ ਸੋਧ ਅਤੇ ਹੋਰ ਸਰਕਾਰੀ ਸੇਵਾਵਾਂ ਲਈ ਲੋਕਾਂ ਨੂੰ ਦੂਰ ਸ਼ਹਿਰਾਂ ਵੱਲ ਨਹੀਂ ਜਾਣਾ ਪੈਂਦਾ ਸੀ। ਕੇਂਦਰ ਬੰਦ ਹੋਣ ਦੀ ਸਥਿਤੀ ਵਿੱਚ ਲੋਕਾਂ ਨੂੰ ਨੇੜਲੇ ਚਾਲੂ ਕੇਂਦਰ ਤੱਕ ਵਾਧੂ ਸਫ਼ਰ ਕਰਨਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਆਵਾਜਾਈ ਦਾ ਖਰਚਾ ਵਧਦਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ, ਕਾਂਗਰਸ ਦੀ ਮਹਿਲਾ ਆਗੂ ਕਾਂਤਾ ਕੁਠਾਲਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਯੂਥ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਯੂਨਸ ਮਾਲਿਕ ਬੱਬੂ ਨੇ ਕਿਹਾ ਕਿ ਪਿੰਡਾਂ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਜਾਂ ਉਨ੍ਹਾਂ ਦੀ ਥਾਂ ਹੋਰ ਵਰਤੋਂ ਕਰਨ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਨੂੰ ਛੋਟੇ-ਛੋਟੇ ਸਰਕਾਰੀ ਕੰਮਾਂ ਲਈ ਦੂਰ ਸ਼ਹਿਰਾਂ ਵਿੱਚ ਜਾਣ ਤੋਂ ਰਾਹਤ ਮਿਲਣੀ ਚਾਹੀਦੀ ਹੈ। ਮਾਲੇਰਕੋਟਲਾ ਜ਼ਿਲ੍ਹਾ ਅੰਦਰ ਬੰਦ ਸੇਵਾ ਕੇਂਦਰਾਂ ਦੀ ਸੂਚੀ ਵਿੱਚ ਕੁੱਪ, ਫਿਰੋਜ਼ਪੁਰ ਕਠਾਲਾ, ਨੌਧਰਣੀ ਅਤੇ ਭੂਦਨ ਸਮੇਤ ਕਈ ਕੇਂਦਰ ਦਰਜ ਹਨ। ਇਸੇ ਤਰ੍ਹਾਂ ਬਲਾਕ ਸ਼ੇਰਪੁਰ ਅਧੀਨ ਆਉਂਦੇ ਸੇਵਾ ਕੇਂਦਰਾਂ ਜ਼ਿਆਦਾਤਰ ਖੰਡਰ ਬਣ ਕੇ ਰਹਿ ਗਏ ਹਨ। ਜਿਨਾਂ ਨੂੰ ਜ਼ਿਆਦਾਤਰ ਲੋਕ ਜਿਆਦਾਤਰ ਪਾਥੀਆਂ ਪੱਥਣ ਲਈ ਵਰਤ ਰਹੇ ਹਨ ਜਾਂ ਫਿਰ ਇਹ ਕੇਂਦਰਾਂ ਨੂੰ ਅੱਜ ਕੱਲ੍ਹ ਲੋਕਾਂ ਨੇ ਨਸ਼ੇ ਦਾ ਅੱਡਾ ਬਣਾਇਆ ਹੋਇਆ ਹੈ। ਇਹਨਾਂ ਕੇਂਦਰਾਂ ਵਿੱਚ ਲੱਗੇ ਇਹ ਸੀ ਪੱਖੇ ਫਰਨੀਚਰ ਤਾਂ ਖੁਰਦ ਬੁਰਦ ਹੀ ਹੋ ਚੁੱਕਾ ਹੈ। ਲੋਕਾਂ ਦੀ ਮੰਗ ਹੈ ਕਿ ਇਲਾਕੇ ਦੇ ਬੰਦ ਪਏ ਇਨਾ ਸੇਵਾ ਕੇਂਦਰਾਂ ਦੀ ਹਾਲਤ ਨੂੰ ਮੁੜ ਤੋਂ ਸੁਧਾਰ ਕਰਕੇ ਇਹਨਾਂ ਨੂੰ ਚਾਲੂ ਕੀਤਾ ਜਾਵੇ। ਬੰਦ ਪਏ ਸੇਵਾ ਕੇਂਦਰਾਂ ਦੀ ਰੀ ਓਪਨ ਜਲਦ : ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਦੇ ਜਿਲ੍ਹਾ ਮੈਨੇਜਰ ਪੰਕਜ ਜੈਨ ਨੇ ਦੱਸਿਆ ਕਿ ਮਾਲੇਰਕੋਟਲਾ ਦੇ 9 ਸੇਵਾ ਕੇਂਦਰ ਚਾਲੂ ਹਨ।ਜਿਨਾਂ ਵਿੱਚੋਂ ਤਿੰਨ ਕੇਂਦਰ ਕੁੱਪ, ਫਿਰੋਜ਼ਪੁਰ ਕੁਠਾਲਾ ਅਤੇ ਭੂਦਨ ਭਾਵੇਂ ਬੰਦ ਹਨ ਪਰ ਜਿਨ੍ਹਾਂ ਦੀ ਰੀ ਓਪਨਿੰਗ ਜਲਦੀ ਹੀ ਸ਼ੁਰੂ ਕਰਵਾਈ ਜਾਵੇਗੀ। ਜਦੋਂ ਉਹਨਾਂ ਨੂੰ ਨੌਧਰਾਣੀ ਦੇ ਸੇਵਾ ਕੇਂਦਰ ਨੂੰ ਪਿੰਡ ਕਲੀਨਿਕ ਤਬਦੀਲ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਤਾਂ ਡੀਸੀ ਦਫਤਰ ਵਾਲੇ ਹੀ ਦੱਸ ਸਕਦੇ ਹਨ।