- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਮੰਤਰੀਆਂ ਦੇ ਹਲਕਿਆਂ ’ਚ ਗੂੰਜਿਆ ਨਸ਼ਿਆਂ ਦਾ ਮਾਮਲਾ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਜ਼ਾਰਤ ਵਿੱਚ ਸ਼ਾਮਿਲ ਦੋ ਮੂਹਰਲੀ ਕਤਾਰ ਦੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਕਰਵਾਏ ਸਮਾਗਮਾਂ ਦੌਰਾਨ ਨਸ਼ਿਆ ਦੇ ਚੱਲ ਰਹੇ ਕਾਲੇ ਕਾਰੋਬਾਰ ਬਾਰੇ ਕੀਤੇ ਜਾ ਰਹੇ ਸਵਾਲਾਂ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 2 ਸਤੰਬਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਦੇ ਲੋਕ ਮਿਲਣੀ ਸਮਾਗਮ ਦੌਰਾਨ ਪਿੰਡ ਦੇ ਹੀ ਇੱਕ ਨੌਜਵਾਨ ਮੋਹਨਜੀਤ ਸਿੰਘ ਨੇ ਸਮਾਗਮ ਦੀ ਕੁਝ ਦੂਰੀ ’ਤੇ ਇੱਕ ਚੁਬਾਰੇ ਦੀ ਛੱਤ ਤੇ ਚੜ੍ਹਕੇ ਕਾਲਾ ਕੱਪੜਾ ਦਿਖਾਕੇ ਸੁਨਾਮ ਅਤੇ ਸੰਗਰੂਰ ਇਲਾਕੇ ਵਿੱਚ ਨਸ਼ੇ ਖਤਮ ਨਾ ਹੋਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਡੀਐੱਸਪੀ ਸੁਨਾਮ ਸਮੇਤ ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਛੱਤ ਤੋਂ ਦਬੋਚ ਲਿਆ ਅਤੇ ਬਾਅਦ ਵਿੱਚ ਉਸ ਨਾਲ ਜੋ ਵਾਪਰਿਆ ਉਹ ਅੱਜ ਵੀ ਜ਼ੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ।
ਦੂਜਾ ਮਾਮਲਾ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬੰਨਜਾਰਾ ਦਾ ਸਾਹਮਣੇ ਆਇਆ ਹੈ ਜਿੱਥੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾ ਮੀਟਿੰਗ ਦੌਰਾਨ ਪਿੰਡ ਦੇ ਇੱਕ ਮਜ਼ਦੂਰ ਗੁਲਜ਼ਾਰ ਸਿੰਘ ਨੇ ਮੰਤਰੀ ਨੂੰ ਸਵਾਲ ਕੀਤਾ ਕਿ ਪਿੰਡ ਵਿੱਚ ਨਸ਼ਾ ਬਹੁਤ ਵਿਕ ਰਿਹਾ ਹੈ ਇਸ ਨੂੰ ਵੀ ਰੋਕਿਆ ਜਾਵੇ ਤਾਂ ਇਸੇ ਦੌਰਾਨ ਪਿੰਡ ਦੇ ਕੁੱਝ ਮੋਹਤਬਰਾਂ ਨੇ ਕਥਿਤ ਤੌਰ ਤੇ ਗੁਲਜ਼ਾਰ ਸਿੰਘ ਨੂੰ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਲਜ਼ਾਰ ਸਿੰਘ ਨੂੰ ਅਗਲੇ ਦਿਨ ਫੇਰ ਸੱਦਿਆ ਗਿਆ ਤਾਂ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ਼ ਲਈ, ਜਿਸ ਕਾਰਨ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਕਰੀਬ ਇੱਕ ਹਫ਼ਤੇ ਦੇ ਅਰਸੇ ਦੌਰਾਨ ਸੁਨਾਮ ਅਤੇ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਵਾਪਰੀਆਂ ਦੋ ਅਹਿਮ ਘਟਨਾਵਾਂ ਨੇ ਸੂਬੇ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਜ਼ਾਰਤ ਵਿੱਚ ਸ਼ਾਮਿਲ ਦੋ ਸੀਨੀਅਰ ਮੰਤਰੀਆਂ ਦੇ ਹਲਕਿਆਂ ਵਿੱਚ ਨਸ਼ਿਆ ਬਾਰੇ ਪੁੱਛੇ ਜਾ ਰਹੇ ਸਵਾਲ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਸਵਾਲ ਖੜ੍ਹੇ ਕਰ ਰਹੇ ਹਨ, ਉੱਥੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕੀ ਬਣਾ ਰਹੇ ਹਨ ਕਿ ਕੀ ਪੁਲਿਸ ਉਂਝ ਹੀ ਪਰਚੇ ਦਰਜ ਕਰਕੇ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ।
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਨਾਮ ਅਤੇ ਦਿੜ੍ਹਬਾ ਹਲਕਿਆਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਬੋਲਣ ਦੇ ਮਾਮਲਿਆਂ ਨੇ ਸਰਕਾਰ ਅਤੇ ਹਲਕਿਆਂ ਨਾਲ ਸਬੰਧਿਤ ਮੰਤਰੀਆਂ ਦੀ ਮਨਸ਼ਾ ਜੱਗ ਜ਼ਾਹਿਰ ਕਰ ਦਿੱਤੀ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਨਸ਼ਿਆ ਨੂੰ ਨਾ ਰੋਕਣਾ, ਕਾਨੂੰਨ ਵਿਵਸਥਾ, ਮੁਲਾਜ਼ਮਾਂ ਨਾਲ ਧੱਕੇਸ਼ਾਹੀ ਸਮੇਤ ਹੋਰਨਾਂ ਮਸਲਿਆਂ ਨੂੰ ਲੈਕੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਹਿਸਾਬ ਮੰਗਣਗੇ।