ਰਜਵਾਹੇ ਤੋਂ ਲੋਹੇ ਦੇ ਨੱਕੇ ਤੇ ਹੌਦੀਆਂ ਦੇ ਢੱਕਣ ਗਾਇਬ, ਰਜਵਾਹੇ ਤੋਂ ਲੋਹੇ ਦੇ ਨੱਕੇ ਤੇ ਹੌਦੀਆਂ ਦੇ ਢੱਕਣ ਗਾਇਬ,ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣਾ ਹੋਇਆ ਪ੍ਰਭਾਵਿਤ
Publish Date: Mon, 03 Aug 2026 03:38 PM (IST)
Updated Date: Tue, 04 Aug 2026 04:01 AM (IST)
ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣਾ ਹੋਇਆ ਪ੍ਰਭਾਵਿਤ ਨਹਿਰੀ ਵਿਭਾਗ ਦੇ ਜੇਈ ਨੇ ਮੌਕੇ ਦਾ ਦੌਰਾ ਕਰਕੇ ਹੱਲ ਦਾ ਦਿੱਤਾ ਭਰੋਸਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਾਗੇਵਾਲ ’ਚ ਕਾਲਸਾ ਰਜਵਾਹੇ ਨਾਲ ਜੁੜੇ ਲੋਹੇ ਦੇ ਨੱਕਿਆਂ, ਹੌਦੀਆਂ ਦੇ ਢੱਕਣਾਂ ਤੇ ਕੜਿਆਂ ਦੇ ਗਾਇਬ ਹੋਣ ਕਾਰਨ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਰਜਵਾਹੇ ਦੇ ਟੇਲ ਵਾਲੇ ਖੇਤਾਂ ਤਕ ਪਾਣੀ ਨਹੀਂ ਪਹੁੰਚ ਰਿਹਾ, ਜਿਸ ਨਾਲ ਝੋਨੇ ਸਮੇਤ ਹੋਰ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਦੱਸਿਆ ਕਿ ਰਜਵਾਹੇ ਦੀ ਪਾਣੀ ਵੰਡ ਪ੍ਰਣਾਲੀ ਨਾਲ ਸਬੰਧਤ ਕਈ ਲੋਹੇ ਦੇ ਨੱਕੇ, ਹੌਦੀਆਂ ਦੇ ਢੱਕਣ ਤੇ ਕੜੇ ਗਾਇਬ ਹਨ। ਇਸ ਕਾਰਨ ਪਾਣੀ ਦਾ ਵਹਾਅ ਪ੍ਰਭਾਵਿਤ ਹੋ ਰਿਹਾ ਹੈ ਤੇ ਅਗਲੇ ਹਿੱਸਿਆਂ ’ਚ ਪਾਣੀ ਰੁਕ ਜਾਣ ਕਾਰਨ ਟੇਲ ’ਤੇ ਪੈਂਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਇਸ ਸਮੇਂ ਪਾਣੀ ਦੀ ਵੱਧ ਲੋੜ ਵਾਲੇ ਪੜਾਅ ’ਚ ਹੈ ਤੇ ਜੇਕਰ ਸਮੇਂ ਸਿਰ ਨਹਿਰੀ ਪਾਣੀ ਨਾ ਮਿਲਿਆ ਤਾਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰਜਵਾਹੇ ਦਾ ਗਾਇਬ ਹੋਇਆ ਸਮੁੱਚਾ ਸਾਮਾਨ ਤੁਰੰਤ ਮੁੜ ਲਗਾਕੇ ਪਾਣੀ ਦੀ ਸਪਲਾਈ ਨੂੰ ਪਹਿਲਾਂ ਵਾਂਗ ਸੁਚਾਰੂ ਬਣਾਇਆ ਜਾਵੇ। ਪਿੰਡ ਦੇ ਕਿਸਾਨਾਂ ਨੇ ਵੀ ਮੰਗ ਕੀਤੀ ਹੈ ਕਿ ਨਹਿਰੀ ਢਾਂਚੇ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਸਿੰਚਾਈ ਪ੍ਰਬੰਧ ਪ੍ਰਭਾਵਿਤ ਨਾ ਹੋਣ ਤੇ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਮਿਲਦਾ ਰਹੇ । :ਬਾਕਸ ਨਿਊਜ: ਖੁਦ ਮੌਕੇ ਦਾ ਦੌਰਾ ਕਰਾਂਗਾ : ਜੇਈ ਇਸ ਮਾਮਲੇ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਜੇਈ. ਦੀਪਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ 3 ਅਗਸਤ ਨੂੰ ਖੁਦ ਮੌਕੇ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲੋੜੀਂਦੀ ਕਾਰਵਾਈ ਕਰਕੇ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਉਚਿਤ ਕਦਮ ਚੁੱਕੇ ਜਾਣਗੇ।