- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੌਂਗੋਵਾਲ ’ਚ 4 ਤੇ 5 ਨੂੰ ਹੋਵੇਗੀ ਅੰਤਰਰਾਸ਼ਟਰੀ ਕਾਨਫਰੰਸ

ਕਰਨਵੀਰ ਸਿੰਘ, ਪੰਜਾਬੀ ਜਾਗਰਣ,
ਲੌਂਗੋਵਾਲ : ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਯੂਨੀਵਰਸਿਟੀ) ਵੱਲੋਂ 4 ਅਤੇ 5 ਦਸੰਬਰ ਨੂੰ 'ਟਿਕਾਊ ਵਿਕਾਸ ਲਈ ਨਵੀਨਤਮ ਇੰਜੀਨੀਅਰਿੰਗ ਹੱਲ' ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਮਕੈਨੀਕਲ ਤੇ ਸਿਵਲ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ 4 ਦਸੰਬਰ ਨੂੰ ਆਈਆਈਟੀ ਜੰਮੂ ਦੇ ਡਾਇਰੈਕਟਰ ਮਨੋਜ ਸਿੰਘ ਗੌੜ ਵੱਲੋਂ ਕੀਤਾ ਜਾਵੇਗਾ।
ਇਸ ਕਾਨਫਰੰਸ ਨੂੰ ਦੇਸ਼-ਵਿਦੇਸ਼ ਦੇ ਖੋਜਕਰਤਾਵਾਂ, ਅਕਾਦਮਿਕ ਮਾਹਿਰਾਂ ਅਤੇ ਉਦਯੋਗਿਕ ਖੇਤਰ ਦੇ ਪੇਸ਼ੇਵਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕਾਨਫਰੰਸ ਦੌਰਾਨ ਪੇਸ਼ਕਾਰੀ ਲਈ ਕੁੱਲ 92 ਖੋਜ ਪੱਤਰ ਪ੍ਰਵਾਨ ਕੀਤੇ ਗਏ ਹਨ । ਇਨ੍ਹਾਂ 'ਚ ਸਮਾਰਟ ਨਿਰਮਾਣ 'ਚ ਨਵੀਨਤਾ, ਟਿਕਾਊ ਪ੍ਰਣਾਲੀਆਂ ਲਈ ਬੁਨਿਆਦੀ ਰੋਬੋਟਿਕਸ ਅਤੇ ਸਵੈਚਾਲਨ, ਸਿਵਲ ਇੰਜੀਨੀਅਰਿੰਗ ’ਚ ਨਵੀਨਤਾ ਅਤੇ ਟਿਕਾਊ ਵਿਕਾਸ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਲ ਹਨ।
ਕਾਨਫਰੰਸ ’ਚ ਭਾਰਤ ਤੋਂ ਇਲਾਵਾ ਬਰਤਾਨੀਆ, ਆਇਰਲੈਂਡ, ਅਮਰੀਕਾ, ਤੁਰਕੀ ਅਤੇ ਸਵਿਟਜ਼ਰਲੈਂਡ ਦੇ ਪ੍ਰਸਿੱਧ ਸਿੱਖਿਆ ਅਤੇ ਖੋਜ ਸੰਸਥਾਨਾਂ ਨਾਲ ਸਬੰਧਤ ਮਾਹਿਰ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਕਰਨਗੇ। ਸਲਾਈਟ ਦੇ ਡਾਇਰੈਕਟਰ ਤੇ ਕਾਨਫਰੰਸ ਦੇ ਮੁੱਖ ਸਰਪ੍ਰਸਤ ਮਨੀਕਾਂਤ ਪਾਸਵਾਨ ਨੇ ਕਿਹਾ ਕਿ ਆਈਸੀਈਐੱਸ ਐੱਸਟੀ.-26 ਨਵੇਂ ਵਿਚਾਰਾਂ ਦੇ ਆਦਾਨ-ਪ੍ਰਦਾਨ, ਅੰਤਰ-ਵਿਭਾਗੀ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਸੰਸਥਾਵਾਂ ਤੇ ਉਦਯੋਗਾਂ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ।
ਪ੍ਰੋ. ਸ਼ੰਕਰ ਸਿੰਘ, ਚੇਅਰਮੈਨ ਅਤੇ ਮਕੈਨੀਕਲ ਤੇ ਸਿਵਲ ਇੰਜੀਨੀਅਰਿੰਗ ਵਿਭਾਗਾਂ ਦੇ ਮੁਖੀ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਮਾਹਿਰਾਂ, ਖੋਜਕਰਤਾਵਾਂ ਅਤੇ ਉਦਯੋਗਿਕ ਖੇਤਰ ਦੇ ਵਿਦਵਾਨਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ। ਇਸ ਮੌਕੇ ਪ੍ਰੋ. ਜਗਤਾਰ ਸਿੰਘ, ਕੋ-ਚੇਅਰਮੈਨ ਨੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਅੰਤਰ-ਵਿਭਾਗੀ ਖੋਜ ਅਤੇ ਸਾਂਝੇ ਨਵੀਨਤਮ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕਾਨਫਰੰਸ ਦੇ ਤਕਨੀਕੀ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਨਿਲ ਕੁਮਾਰ ਸਿੰਗਲਾ, ਪ੍ਰਬੰਧਕੀ ਸਕੱਤਰ ਦ ਟੈਕ-1, ਡਾ. ਸੁਨੀਲ ਕੁਮਾਰ, ਪ੍ਰਬੰਧਕੀ ਸਕੱਤਰ ਟੈਕ-2 ਅਤੇ ਇੰਦਰਾਜ ਸਿੰਘ, ਪ੍ਰਬੰਧਕੀ ਸਕੱਤਰ ਟੈਕ-3 ਨੇ ਵੱਖ-ਵੱਖ ਟੈਕਾਂ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ।ਪ੍ਰਬੰਧਕਾਂ ਅਨੁਸਾਰ ਸੁਰਿੰਦਰ ਸਿੰਘ, ਡੀਨ (ਖੋਜ ਅਤੇ ਸਲਾਹਕਾਰ ਸੇਵਾਵਾਂ) ਅਤੇ ਏਐੱਸ ਸ਼ਾਹੀ, ਡੀਨ (ਅਕਾਦਮਿਕ) ਇਸ ਕਾਨਫਰੰਸ ਦੇ ਸਰਪ੍ਰਸਤ ਹਨ। ਇਸ ਮੌਕੇ ਮਨੋਜ ਗੋਇਲ ਵੀ ਹਾਜ਼ਰ ਸਨ।