ਮਹਿੰਗਾਈ ਤੇ ਆਨਲਾਈਨ ਖਰੀਦਦਾਰੀ ਨੇ ਫਿੱਕੀ ਕੀਤੀ ਵਪਾਰੀਆਂ ਦੀ ਦੀਵਾਲੀ ਮਹਿੰਗਾਈ ਤੇ ਆਨਲਾਈਨ ਖਰੀਦਦਾਰੀ ਨੇ ਫਿੱਕੀ ਕੀਤੀ ਵਪਾਰੀਆਂ ਦੀ ਦੀਵਾਲੀ
Publish Date: Fri, 06 Nov 2026 03:56 PM (IST)
Updated Date: Fri, 06 Nov 2026 03:59 PM (IST)
ਮਹਿੰਗਾਈ ’ਤੇ ਕਾਬੂ ਪਾਉਣ ਲਈ ਸਰਕਾਰ ਜਲਦ ਠੋਸ ਕਦਮ ਚੁੱਕੇ: ਤਰਸੇਮ ਗਰਗ ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਦੀਵਾਲੀ ਦਾ ਤਿਉਹਾਰ ਛੋਟੇ-ਵੱਡੇ ਵਪਾਰੀਆਂ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਕਾਰੋਬਾਰੀ ਮੌਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਈ ਦੁਕਾਨਦਾਰਾਂ ਦੀ ਸਾਲ ਭਰ ਦੀ ਕਮਾਈ ਦਾ ਵੱਡਾ ਹਿੱਸਾ ਇਸ ਤਿਉਹਾਰ ਦੌਰਾਨ ਹੋਣ ਵਾਲੀ ਵਿਕਰੀ ’ਤੇ ਨਿਰਭਰ ਕਰਦਾ ਹੈ, ਪਰ ਇਸ ਵਾਰ ਮਹਿੰਗਾਈ ਅਤੇ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਨੇ ਵਪਾਰੀਆਂ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਸਥਾਨਕ ਵਪਾਰ ਮੰਡਲ ਦੇ ਆਗੂ ਤਰਸੇਮ ਗਰਗ ਨੇ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਪ੍ਰਭਾਵਿਤ ਹੋ ਰਹੇ ਆਮ ਲੋਕਾਂ ਦੇ ਘਰੇਲੂ ਬਜਟ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆ ਘਰੇਲੂ ਵਸਤਾਂ ਮਹਿੰਗੀਆਂ ਹੋਣ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਘਟੀ ਹੈ। ਇਸ ਦਾ ਸਿੱਧਾ ਅਸਰ ਤਿਉਹਾਰੀ ਖਰੀਦਦਾਰੀ ’ਤੇ ਪੈ ਰਿਹਾ ਹੈ। ਲੋਕ ਜ਼ਰੂਰੀ ਵਸਤਾਂ ਨੂੰ ਪਹਿਲ ਦੇ ਰਹੇ ਹਨ ਜਦਕਿ ਤੋਹਫ਼ਿਆਂ ਅਤੇ ਹੋਰ ਸਾਮਾਨ ਦੀ ਖਰੀਦ ’ਤੇ ਖਰਚ ਘਟਾ ਰਹੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਨੇ ਵੀ ਰਵਾਇਤੀ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗਾਹਕਾਂ ਦੇ ਆਨਲਾਈਨ ਪਲੇਟਫਾਰਮਾਂ ਵੱਲ ਵਧਣ ਕਾਰਨ ਛੋਟੇ ਵਪਾਰੀਆਂ ਦੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ। ਦੂਜੇ ਪਾਸੇ ਦੁਕਾਨਾਂ ਦੇ ਕਿਰਾਏ, ਬਿਜਲੀ ਦੇ ਬਿੱਲਾਂ ਅਤੇ ਹੋਰ ਕਾਰੋਬਾਰੀ ਖਰਚਿਆਂ ਕਾਰਨ ਵਪਾਰੀਆਂ ’ਤੇ ਆਰਥਿਕ ਬੋਝ ਵੀ ਵਧ ਰਿਹਾ ਹੈ। ਤਰਸੇਮ ਗਰਗ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰ ’ਤੇ ਵੀ ਬਾਜ਼ਾਰਾਂ ਵਿੱਚ ਉਮੀਦ ਮੁਤਾਬਕ ਖਰੀਦਦਾਰੀ ਨਾ ਹੋਣਾ ਛੋਟੇ ਦੁਕਾਨਦਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਘੱਟ ਕਾਰੋਬਾਰ ਆਰਥਿਕ ਮੁਸ਼ਕਲਾਂ ਪੈਦਾ ਕਰਦਾ ਹੈ। ਦੁਕਾਨਦਾਰ ਯੂਨੀਅਨ ਦੇ ਆਗੂਆ ਅਤੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਜਲਦ ਠੋਸ ਕਦਮ ਚੁੱਕੇ ਜਾਣ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ ਅਤੇ ਬਾਜ਼ਾਰਾਂ ਵਿੱਚ ਖਰੀਦਦਾਰੀ ਨੂੰ ਹੁਲਾਰਾ ਮਿਲ ਸਕੇ। ਛੋਟੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਵੀ ਢੁੱਕਵੇਂ ਉਪਰਾਲੇ ਕਰਨ ਦੀ ਮੰਗ ਕੀਤੀ, ਤਾਂ ਜੋ ਰਵਾਇਤੀ ਦੁਕਾਨਦਾਰ ਆਪਣਾ ਕਾਰੋਬਾਰ ਸੁਚਾਰੂ ਢੰਗ ਨਾਲ ਚਲਾ ਸਕਣ।