- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਕਿਸਾਨ ਮਜ਼ਦੂਰ ਵਿਰੋਧੀ - ਲੌਂਗੋਵਾਲ

- ਦੇਸ਼ ਬਚਾਓ ਸੱਦੇ ਤਹਿਤ ਸੁਨਾਮ ਤੋਂ ਸ਼ੁਰੂ ਕੀਤਾ ਬਾਈਕ ਮਾਰਚ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੈਂਕੜੇ ਕਾਰਕੁੰਨਾਂ ਨੇ ਬੁੱਧਵਾਰ ਨੂੰ ਜਥੇਬੰਦੀ ਦੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਸੁਨਾਮ ਦੀ ਨਵੀਂ ਅਨਾਜ ਮੰਡੀ ਤੋਂ ਮੋਟਰਸਾਈਕਲ ਮਾਰਚ ਦੀ ਸ਼ੁਰੂਆਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡਾਂ ਵਿੱਚੋਂ ਦੀ ਮਾਰਚ ਕਰਦੇ ਹੋਏ ਡੀਸੀ ਸੰਗਰੂਰ ਨੂੰ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕਦਿਆਂ ਭਾਰਤ ਅਮਰੀਕਾ ਟਰੇਡ ਡੀਲ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਕੇਂਦਰੀ ਹਕੂਮਤ ਪੂਰੀ ਤਰ੍ਹਾਂ ਭਾਰਤ ਅਤੇ ਪੰਜਾਬ ਦੀ ਖੇਤੀਬਾੜੀ ਤੇ ਡੇਅਰੀ ਸੈਕਟਰ ਨੂੰ ਖ਼ਤਮ ਕਰਨ ਲਈ ਲੱਗਭਗ ਕਿਸਾਨਾਂ ਦੀ ਮੌਤ ਦੇ ਵਰੰਟਾਂ ਤੇ ਦਸਤਖ਼ਤ ਕਰ ਚੁੱਕੀ ਹੈ। ਖੇਤੀ ਟਰੇਡ ਡੀਲ ਦੇ ਲਾਗੂ ਹੋਣ ਨਾਲ ਅਮਰੀਕਾ ਦੀਆਂ ਖੇਤੀ ਨਾਲ ਸਬੰਧਤ ਅਨਾਜ ਤੇ ਹੋਰ ਵਸਤਾਂ ਭਾਰਤ ਵਿੱਚ ਵਿਕਣ ਦੀ ਖੁੱਲੀ ਆਜ਼ਾਦੀ ਹੋਣ ਤੋਂ ਬਾਅਦ ਭਾਰਤ ਵਿਚ ਪੈਦਾ ਹੋਣ ਵਾਲੇ ਅਨਾਜ਼ ਤੇ ਡੇਅਰੀ ਨਾਲ ਸਬੰਧਤ ਦੁੱਧ ਦੀਆਂ ਵਸਤਾਂ ਮੰਡੀ ਤੇ ਬਾਜ਼ਾਰ ਵਿੱਚ ਰੁਲ ਜਾਣੀਆਂ ਹਨ। ਜਿਸ ਨਾਲ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਦੀ ਤਬਾਹੀ ਤੈਅ ਹੈ।
ਉਨ੍ਹਾਂ ਆਖਿਆ ਕੇਂਦਰ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਅੱਗੇ ਗੋਡੇ ਟੇਕ ਕੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਨੂੰ ਭੁਲਾ ਚੁੱਕੀ ਹੈ। ਕੇਂਦਰ ਸਰਕਾਰ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਦਿੱਲੀ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਖੇਤੀ ਟਰੇਡ ਡੀਲ ਨੂੰ ਰੱਦ ਕਰਵਾਉਣ ਲਈ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨਵੀਂ ਲੈਂਡ ਪੂਲਿੰਗ ਨੀਤੀ ਲਿਆਉਣ ਤੋਂ ਬਾਜ ਆਉਣ ਦੀ ਸਲਾਹ ਦਿੱਤੀ ਹੈ। ਪੰਜਾਬ ਵਿੱਚ ਵੀ ਵੱਡੇ ਅੰਦੋਲਨ ਲੈਂਡ ਪੂਲਿੰਗ ਨੀਤੀ ਵਾਪਸ ਕਰਵਾਉਣ ਲਈ ਕੀਤੇ ਜਾਣਗੇ। ਕਿਸਾਨ ਆਪਣਾ ਕੰਮ ਧੰਦਾ ਸਮੇਟਦਿਆਂ ਸ਼ੰਭੂ ਖਨੌਰੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਦਾ ਮੋਰਚਾ ਉਖਾੜ ਕੇ ਜੋ ਸਾਮਾਨ ਲੁੱਟਿਆ ਉਸ ਦੀ ਭਰਪਾਈ ਕਰਵਾਉਣ ਲਈ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਕੇਂਦਰ ਸਰਕਾਰ ਨੂੰ ਸਖਤ ਤਾੜਨਾਂ ਦਿੰਦਿਆਂ ਕਿਸਾਨ ਆਗੂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ, ਹਰਦੇਵ ਸਿੰਘ ਕੁਲਾਰ ਅਤੇ ਸੁਖਵਿੰਦਰ ਸਿੰਘ ਪੇਧਨੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਖੇਤੀ ਟਰੇਡ ਡੀਲ ਤੇ ਦਸਤਖ਼ਤ ਕਰ ਕੇ ਸਮਝੌਤਾ ਕਰਦੀ ਹੈ ਤਾਂ ਫਿਰ ਪੰਜਾਬ ਤੇ ਪੂਰੇ ਭਾਰਤ ਵਿੱਚ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।