ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਹੋਈ, ਕੀਤੇ ਕਈ ਮਤੇ ਪਾਸ ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਹੋਈ, ਕੀਤੇ ਕਈ ਮਤੇ ਪਾਸ
Publish Date: Tue, 08 Sep 2026 03:44 PM (IST)
Updated Date: Wed, 09 Sep 2026 04:01 AM (IST)
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਨਗਰ ਪੰਚਾਇਤ ਅਮਰਗੜ੍ਹ ਦੀ ਪਲੇਠੀ ਮੀਟਿੰਗ ਪ੍ਰਧਾਨ ਰੁਚਿਕਾ ਕੌੜਾ ਦੀ ਪ੍ਰਧਾਨਗੀ ’ਚ ਸਥਾਨਕ ਦਫਤਰ ਅਮਰਗੜ੍ਹ ਵਿਖੇ ਹੋਈ। ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਸ਼ਹਿਰ ਵਿਕਾਸ ਕਾਰਜਾਂ ਅਤੇ ਸ਼ਹਿਰ ਦੀ ਨੁਹਾਰ ਬਦਲਣ ਲਈ ਸੰਭਵ ਕੰਮ ਕੀਤੇ ਜਾਣਗੇ। ਪ੍ਰਧਾਨ ਰੁਚਿਕਾ ਕੌੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਕਈ ਅਹਿਮ ਮਤੇ ਪਾਸ ਕੀਤੇ ਗਏ,ਜਿਵੇਂ ਅਮਰਗੜ੍ਹ ਸ਼ਹਿਰ ਵਿੱਚ ਲੰਮੇ ਟ੍ਰੈਫਿਕ ਜਾਮ ਨਹੀਂ ਲੱਗਣਗੇ, ਕਿਉਂਕਿ ਨਾਭਾ ਤੇ ਮਾਲੇਰਕੋਟਲਾ ਵੱਲੋਂ ਆਉਣ ਵਾਲੇ ਵਾਹਨਾਂ ਲਈ ਬਦਲਵੇਂ ਰੂਟ ਦਾ ਪ੍ਰਬੰਧ ਕੀਤਾ ਜਾਵੇਗਾ ਅਮਰਗੜ੍ਹ ਫਿਰਨੀ ਸੜਕ ਜਲਦ ਬਣ ਕੇ ਤਿਆਰ ਕਰ, ਸੜਕ ਤੇ ਰੂਟ ਡਿਵਰਟ ਦੇ ਸਾਈਨ ਬੋਰਡ ਲਾਏ ਜਾਣਗੇ। ਉਨ੍ਹਾਂ ਦੇ ਪਤੀ ਸਮਾਜ ਸੇਵੀ ਦੀਪਕ ਕੌੜਾ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਬਣ ਰਹੇ ਆਟੋ ਰਿਕਸ਼ਿਆਂ ਤੇ ਰੇਹੜੀਆਂ ਦੀ ਪੰਚਾਇਤ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਬਾਜ਼ਾਰ ਵਿੱਚ ਪੀਲੀ ਪੱਟੀ ਲਾਈ ਜਾਵੇਗੀ। ਪੱਟੀ ’ਤੇ ਖੜ੍ਹੇ ਵਾਹਨਾਂ ਤੇ ਰੇਹੜੀਆਂ ਦੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਚਲਾਨ ਕੀਤੇ ਜਾਣਗੇ। ਅਮਰਗੜ੍ਹ ਵਿੱਚ ਗੈਸ ਸਿਲੰਡਰਾਂ ਦੀ ਬੁਕਿੰਗ 25 ਦਿਨ ਵਿੱਚ ਹੋਵੇਗੀ। ਉਨ੍ਹਾਂ ਅਮਰਗੜ੍ਹ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਸ਼ਹਿਰ ਵਾਸੀਆਂ ਨੂੰ ਸੜਕਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੌਸਲਰ ਸਵਰਨ ਸਿੰਘ, ਗੁਰਵੀਰ ਸਿੰਘ ਸੋਹੀ, ਪ੍ਰਿੰਸ ਜੋਸੀ,ਬਲਵੀਰ ਸਿੰਘ ਹਾਜ਼ਰ ਸਨ।