- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਥਲੈਟਿਕ ਮੀਟ ’ਚ ਕਰਨਲ ਡਿਗਰੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਜਾ ਰਹੀ ਸਾਲਾਨਾ ਐਥਲੈਟਿਕ ਮੀਟ ਵਿੱਚ ਕਰਨਲ ਡਿਗਰੀ ਕਾਲਜ, ਚੁੱਲ੍ਹੜ ਕਲਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮੁਕਾਬਲਿਆਂ ਦੌਰਾਨ ਕਾਲਜ ਦੇ ਅਥਲੀਟਾਂ ਨੇ 4×400 ਮੀਟਰ ਰਿਲੇਅ ਦੌੜ (ਲੜਕੇ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ (ਸਿਲਵਰ ਮੈਡਲ) ਹਾਸਲ ਕੀਤਾ। ਇਹ ਲਗਾਤਾਰ ਦੂਜੇ ਦਿਨ ਮਿਲੀ ਵੱਡੀ ਸਫ਼ਲਤਾ ਹੈ, ਜਿਸ ਨਾਲ ਕਾਲਜ ਵਿੱਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਵਿਦਿਆਰਥੀਆਂ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਕਾਲਜ ਕੈਂਪਸ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਰਨਲ ਕਾਲਜ ਗਰੁੱਪ ਦੇ ਡਾਇਰੈਕਟਰ ਰਿਟਾਇਰਡ ਕਰਨਲ ਓਪੀ ਰਾਠੀ ਅਤੇ ਚੰਦਰਕਲਾ ਰਾਠੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਨਿੱਘੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਵਿਸ਼ੇਸ਼ ਅਸ਼ੀਰਵਾਦ ਦਿੱਤਾ।
ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਰਾਠੀ, ਕਰਨਲ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਵੀਨ ਕੁਮਾਰ ਸ਼ਰਮਾ, ਕਾਲਜ ਇੰਚਾਰਜ ਯਸਨਦੀਪ ਅਤੇ ਸਪੋਰਟਸ ਕੋਚ ਗੁਰਪ੍ਰੀਤ ਸਿੰਘ (ਡੀਪੀ) ਸਮੇਤ ਸਮੁੱਚੇ ਸਟਾਫ਼ ਮੈਂਬਰ ਮੌਜੂਦ ਸਨ। ਪ੍ਰਬੰਧਕਾਂ ਅਤੇ ਸਟਾਫ਼ ਨੇ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਕੋਚ ਗੁਰਪ੍ਰੀਤ ਸਿੰਘ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।
ਮੈਨੇਜਮੈਂਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲਗਾਤਾਰ ਮਿਲ ਰਹੀਆਂ ਖੇਡ ਪ੍ਰਾਪਤੀਆਂ ਸਮੁੱਚੇ ਕਾਲਜ ਪਰਿਵਾਰ ਲਈ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹਨ। ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।