- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਬਰ ਦਾ ਅਸਰ : ਬਰਨਾਲਾ ਸਿਵਿਲ ਹਸਪਤਾਲ 'ਚ 24 ਘੰਟਿਆਂ ਦੇ ਅੰਦਰ ਐਕਸ-ਰੇ ਮਸ਼ੀਨ ਚਾਲੂ

ਦਿੱਲੀ ਦੇ ਕਮਿਸ਼ਨ ਨੇ ਦਿੱਤਾ ਸੀ 24 ਘੰਟਿਆਂ ਦਾ ਅਲਟੀਮੇਟਮ, ਸਮੇਂ ਸਿਰ ਕੰਮ ਨਾ ਹੋਣ 'ਤੇ ਸਿਵਿਲ ਸਰਜਨ ਵਿਰੁੱਧ ਕਾਰਵਾਈ ਦੇ ਸਨ ਹੁਕਮ
2.ਐਕਸ-ਰੇ ਮਸ਼ੀਨ ਚਾਲੂ ਕਰਵਾਉਣ ਮੌਕੇ ਹਾਜਰ ਟੀਮ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਵਿਲ ਹਸਪਤਾਲ ਬਰਨਾਲਾ ’ਚ ਇਲਾਜ ਲਈ ਖੱਜਲ ਖੁਆਰ ਹੋ ਰਹੇ ਮਰੀਜ਼ਾਂ ਦੀ ਦੁਰਦਸ਼ਾ ਦਾ ਮੁੱਦਾ 'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸਿਹਤ ਵਿਭਾਗ ਹਰਕਤ ’ਚ ਆਇਆ। ਇਸ ਮਾਮਲੇ ’ਚ ਤੇਜ਼ੀ ਤਦ ਆਈ ਜਦੋਂ ਬਰਨਾਲਾ ਲਾਠੀਚਾਰਜ ਕਾਂਡ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਕਰਮਚਾਰੀਆਂ ਦਾ ਹਾਲ-ਚਾਲ ਜਾਣਨ ਲਈ 'ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ' ਦੇ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਆਪਣੀ ਪੂਰੀ ਟੀਮ ਸਮੇਤ ਬਰਨਾਲਾ ਦੇ ਸਿਵਿਲ ਹਸਪਤਾਲ ਪਹੁੰਚੇ।
ਮੁਲਾਕਾਤ ਦੌਰਾਨ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੇ ਉਪ-ਚੇਅਰਮੈਨ ਦੇ ਧਿਆਨ ’ਚ ਲਿਆਂਦਾ ਕਿ ਹਸਪਤਾਲ ’ਚ ਐਕਸ-ਰੇ ਮਸ਼ੀਨ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪੱਲਿਓਂ 800 ਰੁਪਏ ਖ਼ਰਚ ਕੇ ਬਾਹਰੋਂ ਨਿੱਜੀ ਲੈਬਾਂ ਤੋਂ ਐਕਸ-ਰੇ ਕਰਵਾਉਣੇ ਪਏ ਹਨ। ਕਰਮਚਾਰੀਆਂ ਨੇ ਦੱਸਿਆ ਕਿ ਸਿਵਿਲ ਹਸਪਤਾਲ ’ਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਐਕਸ-ਰੇ ਮਸ਼ੀਨ ਤੱਕ ਮੁਹੱਈਆ ਨਹੀਂ ਹੈ, ਜਦਕਿ ਵੈਂਟੀਲੇਟਰ ਤੇ ਹੋਰ ਆਧੁਨਿਕ ਮਸ਼ੀਨਰੀ ਦੀ ਘਾਟ ਤਾਂ ਪਹਿਲਾਂ ਤੋਂ ਹੀ ਬਣੀ ਹੋਈ ਹੈ।
ਜਦੋਂ 'ਪੰਜਾਬੀ ਜਾਗਰਣ' ਦੀ ਟੀਮ ਨੇ ਇਹ ਪੂਰਾ ਮਾਮਲਾ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਦੇ ਧਿਆਨ ’ਚ ਲਿਆਂਦਾ, ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਤੁਰੰਤ ਐਕਸ-ਰੇ ਰੂਮ ਦਾ ਦੌਰਾ ਕੀਤਾ। ਮੌਕੇ 'ਤੇ ਹੀ ਉਨ੍ਹਾਂ ਨੇ ਮਸ਼ੀਨ ਠੀਕ ਕਰਨ ਵਾਲੀ ਤਕਨੀਕੀ ਟੀਮ ਨੂੰ ਬੁਲਾਇਆ ਤੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ 24 ਘੰਟਿਆਂ ਦੇ ਅੰਦਰ-ਅੰਦਰ ਇਹ ਮਸ਼ੀਨ ਚਾਲੂ ਹੋ ਕੇ ਮਰੀਜ਼ਾਂ ਦੀ ਸੇਵਾ ’ਚ ਸ਼ੁਰੂ ਨਾ ਹੋਈ, ਤਾਂ ਸਿਵਿਲ ਸਰਜਨ ਬਰਨਾਲਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 'ਪੰਜਾਬੀ ਜਾਗਰਣ' ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵੀ ਖ਼ੂਬ ਵਾਇਰਲ ਹੋਈ। ਜ਼ਿਲ੍ਹਾ ਬਰਨਾਲਾ, ਆਸ-ਪਾਸ ਦੇ ਪਿੰਡਾਂ ਤੇ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ 'ਸਿਹਤ ਕ੍ਰਾਂਤੀ' ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਤਿੱਖੀਆਂ ਟਿੱਪਣੀਆਂ ਕੀਤੀਆਂ।
ਵੀਰਵਾਰ ਨੂੰ ਜਦੋਂ ਪੰਜਾਬੀ ਜਾਗਰਣ ਦੀ ਟੀਮ ਨੇ ਦੋਬਾਰਾ ਹਸਪਤਾਲ ਦਾ ਜਾਇਜ਼ਾ ਲਿਆ ਤਾਂ ਐਕਸ-ਰੇ ਮਸ਼ੀਨ ਪੂਰੀ ਤਰ੍ਹਾਂ ਚਾਲੂ ਹਾਲਤ ’ਚ ਮਿਲੀ। ਇਸ ਮੌਕੇ 'ਤੇ ਚਾਰ ਮਾਹਿਰ ਰੇਡੀਓਗਰਾਫ਼ਰਾਂ ਦੀ ਟੀਮ ਵੀ ਤਾਇਨਾਤ ਸੀ, ਜਿਨ੍ਹਾਂ ’ਚ ਸੀਨੀਅਰ ਰੇਡੀਓਗਰਾਫ਼ਰ ਜਸਵਿੰਦਰ ਕੌਰ, ਰੇਡੀਓਗਰਾਫ਼ਰ ਸਿੰਪਲ ਸਿੰਘ, ਰੇਡੀਓਗਰਾਫ਼ਰ ਨਵਨੀਤ ਕੌਰ ਤੇ ਰੇਡੀਓਗਰਾਫ਼ਰ ਸਰਬਜੀਤ ਕੌਰ ਦੀ ਟੀਮ ਨੇ ਸਾਂਝੇ ਤੌਰ 'ਤੇ ਪੁਸ਼ਟੀ ਕੀਤੀ ਕਿ ਮਸ਼ੀਨ ਨੂੰ ਵੀਰਵਾਰ ਨੂੰ ਹੀ ਚਾਲੂ ਕੀਤਾ ਗਿਆ ਹੈ ਤੇ ਸਵੇਰ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਲਗਭਗ 30 ਮਰੀਜ਼ਾਂ ਦੇ ਐਕਸ-ਰੇ ਕੀਤੇ ਜਾ ਚੁੱਕੇ ਸਨ। ਹਸਪਤਾਲ ’ਚ ਇਲਾਜ ਤੇ ਐਕਸ-ਰੇ ਕਰਵਾਉਣ ਆਏ ਮਰੀਜ਼ਾਂ ਨੇ ਇਸ ਰਾਹਤ ਲਈ 'ਪੰਜਾਬੀ ਜਾਗਰਣ' ਅਦਾਰੇ ਤੇ ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ।