- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੋਲੀ ਕਲਾਂ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ,
ਮਾਲੇਰਕੋਟਲਾ : ਐੱਸਐੱਸਪੀ ਹਰਕਮਲਪ੍ਰੀਤ ਸਿੰਘ ਮਲੇਰਕੋਟਲਾ ਵੱਲੋਂ ਨਸ਼ਿਆਂ ਵਿਰੁੱਧ ਬਿੱਡੀ ਮਹਿਮ ਨੂੰ ਹੋਰ ਤੇਜ਼ ਕਰਦਿਆਂ ਪੁਲਿਸ ਨੇ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਹੋਲੀ ਕਲਾਂ ਵਿਖੇ ਚੱਲ ਰਹੇ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਕੇ ਇਸ ਦੇ ਦੋਵਾਂ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੇਂਦਰ ਬਿਨਾਂ ਕਿਸੇ ਲਾਇਸੈਂਸ ਦੇ ਚਲਾਇਆ ਜਾ ਰਿਹਾ ਸੀ, ਜਿਸ ਨਾਲ ਉੱਥੇ ਦਾਖ਼ਲ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਸੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬੇਅੰਤ ਸਿੰਘ ਵਾਸੀ ਮਹੋਲੀ ਕਲਾਂ, ਥਾਣਾ ਸੰਦੌੜ ਅਤੇ ਨੀਰਜ, ਵਾਸੀ ਲੁਧਿਆਣਾ ਵਜੋਂ ਹੋਈ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਐਸਪੀ ਮਾਲੇਰਕੋਟਲਾ ਮਨਵਜੀਤ ਸਿੰਘ ਸਿੱਧੂ, ਪੀਪੀਐਸ. ਦੀ ਨਿਗਰਾਨੀ ਹੇਠ ਕੀਤੀ ਗਈ। 23 ਅਕਤੂਬਰ 2026 ਨੂੰ ਐਸਐਚਓ ਇੰਸਪੈਕਟਰ ਮਨਜੀਤ ਕੌਰ ਦੀ ਅਗਵਾਈ ਹੇਠ ਥਾਣਾ ਸੰਦੌੜ ਦੀ ਪੁਲਿਸ ਟੀਮ ਨੂੰ ਖ਼ਾਸ ਇਤਲਾਹ ਮਿਲੀ ਕਿ ਮਹੋਲੀ ਕਲਾਂ ਵਿਖੇ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਟੀਮ ਨੇ ਮੌਕੇ ’ਤੇ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜੋ ਕੇਂਦਰ ਚਲਾਉਣ ਸਬੰਧੀ ਕੋਈ ਵੀ ਲਾਇਸੈਂਸ ਜਾਂ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਮੁਲਜ਼ਮਾਂ ਵਿਰੁੱਧ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ।
ਐੱਸਐੱਸਪੀ ਖੱਖ ਨੇ ਕਿਹਾ ਕਿ ਨਸ਼ਾ ਛੁਡਾਉਣ ਦਾ ਇਲਾਜ ਸਿਰਫ਼ ਯੋਗ ਡਾਕਟਰਾਂ ਵਾਲੇ ਲਾਇਸੈਂਸਸ਼ੁਦਾ ਕੇਂਦਰਾਂ ਵਿੱਚ ਹੀ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕੇਂਦਰ ਮਰੀਜ਼ਾਂ ਦੀ ਜਾਨ ਲਈ ਗੰਭੀਰ ਖ਼ਤਰਾ ਹਨ ਅਤੇ ਅਜਿਹੇ ਕੇਂਦਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।