- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਏਐਲ ਦੇ ਵਰਕਰਾਂ ਨੇ ਮਨਾਈ ਕਾਲੀ ਦਿਵਾਲੀ

ਮੁਕੇਸ਼ ਸਿੰਗਲਾ ਪੰਜਾਬੀ ਜਾਗਰਣ,
ਭਵਾਨੀਗੜ੍ਹ : ਆਈਏਐਲ ਕੰਪਨੀ ਦੀ ਮੈਨੇਜਮੈਂਟ ਵੱਲੋਂ ਵਰਕਰਾਂ ਨੂੰ ਦਿਵਾਲੀ ਦਾ ਬੋਨਸ ਨਾ ਦਿੱਤੇ ਜਾਣ ਦੇ ਰੋਸ ਵਜੋਂ ਇੰਡੀਅਨ ਅਕਰੈਲਿਸ ਵਰਕਰ ਦਲ ਸੀਟੂ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਕੁਮਾਰ ਅਤੇ ਮੀਤ ਪ੍ਰਧਾਨ ਹੰਸਰਾਜ ਨਫਰੀਆ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਕੰਪਨੀ ਦੇ ਮੁੱਖ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ, ਪਰ ਕੰਪਨੀ ਮੈਨੇਜਮੈਂਟ ਵੱਲੋਂ ਵਰਕਰਾਂ ਨੂੰ ਤਿਉਹਾਰ ਮੌਕੇ ਬਣਦਾ ਬੋਨਸ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਵਰਕਰ ਸਾਰਾ ਸਾਲ ਕੰਪਨੀ ਦੀ ਤਰੱਕੀ ਅਤੇ ਉਤਪਾਦਨ ਲਈ ਮਿਹਨਤ ਕਰਦੇ ਹਨ, ਇਸ ਲਈ ਤਿਉਹਾਰਾਂ ਮੌਕੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਹੱਕਾਂ ਦਾ ਸਨਮਾਨ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ।
ਆਗੂਆਂ ਨੇ ਕਿਹਾ ਕਿ ਬੋਨਸ ਨਾ ਮਿਲਣ ਕਾਰਨ ਵਰਕਰਾਂ ਨੂੰ ਮਜਬੂਰਨ ਕਾਲੀ ਦਿਵਾਲੀ ਮਨਾਉਣੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਮੈਨੇਜਮੈਂਟ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਦਾ ਬਣਦਾ ਬੋਨਸ ਜਲਦ ਜਾਰੀ ਕਰੇ।
ਇਸ ਰੋਸ ਪ੍ਰਦਰਸ਼ਨ ਵਿੱਚ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਕੁਮਾਰ, ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਹੰਸਰਾਜ ਨਫਰੀਆ, ਪ੍ਰੈੱਸ ਸਕੱਤਰ ਜਸਪਾਲ ਸਿੰਘ, ਜੁਆਇੰਟ ਸਕੱਤਰ ਪਵਨ ਕੁਮਾਰ, ਸਲਾਹਕਾਰ ਗੁਰਤੇਜ ਸਿੰਘ ਹਾਜ਼ਰ ਸਨ।
25 ਫੀਸਦ ਬੋਨਸ ਦੇ ਦਿੱਤਾ : ਮੈਨੇਜਮੈਂਟ
ਉਧਰ ਫੈਕਟਰੀ ਮੈਨੇਜਮੈਂਟ ਦੇ ਨਿੱਜੀ ਮੈਨੇਜਰ ਇੰਦਰਪਾਲ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਦਿਵਾਲੀ ਦਾ 25 ਫੀਸਦ ਬੋਨਸ ਦਿੱਤਾ ਹੈ ਅਤੇ ਬਾਕੀ ਬੋਨਸ ਪੈਣ ਦੀ ਤਰੀਕ ਹੁੰਦੀ ਹੈ, ਉਸ ਸਮੇਂ ਤੱਕ ਉਹ ਵੀ ਪੈ ਜਾਵੇਗਾ।