- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੀ ਸੰਤਾਂ ਵਾਲੀ ਗਲੀ ’ਚੋਂ ਆਈਵੀ ਫਲੂਡ ਦੀਆਂ ਸੈਂਕੜੇ ਪੇਟੀਆਂ ਬਰਾਮਦ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ਸ਼ਹਿਰ ਦੀ ਸੰਤਾਂ ਵਾਲੀ ਗਲੀ ’ਚ ਡਰੱਗ ਵਿਭਾਗ ਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਇਕ ਮਕਾਨ ’ਚ ਛਾਪੇਮਾਰੀ ਕਰ ਕੇ ਆਈਵੀ ਫਲੂਡ ਦੀਆਂ ਕਰੀਬ 400 ਪੇਟੀਆਂ ਬਰਾਮਦ ਕੀਤੀਆਂ ਹਨ। ਇਹ ਪੇਟੀਆਂ ਬਿਨਾਂ ਲਾਇਸੈਂਸ ਤੋਂ ਮਕਾਨ ’ਚ ਰੱਖੀਆਂ ਹੋਈਆਂ ਸਨ। ਵਿਭਾਗ ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਕਾਰਵਾਈ ਕਰਦਿਆਂ ਬਰਾਮਦ ਪੇਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਨਾਇਬ ਤਹਿਸੀਲਦਾਰ ਧਨੌਲਾ ਰਜਨੀਸ਼ ਕੁਮਾਰ ਤੇ ਡਰੱਗ ਇੰਸਪੈਕਟਰ ਬਰਨਾਲਾ ਗੁਨਦੀਪ ਬਾਂਸਲ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੰਤਾਂ ਵਾਲੀ ਗਲੀ ’ਚ ਇਕ ਮਕਾਨ ਅੰਦਰ ਗ਼ੈਰ-ਕਾਨੂੰਨੀ ਤਰੀਕੇ ਨਾਲ ਦਵਾਈਆਂ ਰੱਖੀਆਂ ਹੋਈਆਂ ਹਨ। ਇਸ ਮਗਰੋਂ ਡਰੱਗ ਵਿਭਾਗ ਤੇ ਪ੍ਰਸ਼ਾਸਨ ਦੀ ਟੀਮ ਨੇ ਸਾਂਝੇ ਤੌਰ ’ਤੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਦੌਰਾਨ ਮਕਾਨ ’ਚੋਂ ਆਰਐੱਲ, ਐੱਨਐੱਸ ਤੇ ਡੀ-5 ਆਈਵੀ ਫਲੂਡ ਦੀਆਂ ਕਰੀਬ 400 ਪੇਟੀਆਂ ਬਰਾਮਦ ਹੋਈਆਂ। ਡਰੱਗ ਇੰਸਪੈਕਟਰ ਗੁਨਦੀਪ ਬਾਂਸਲ ਨੇ ਦੱਸਿਆ ਕਿ ਜਿਸ ਮਕਾਨ ’ਚੋਂ ਇਹ ਪੇਟੀਆਂ ਬਰਾਮਦ ਹੋਈਆਂ ਹਨ, ਉਹ ਕੁਲਦੀਪ ਨਾਂ ਦੇ ਇਕ ਵਿਅਕਤੀ ਨੇ ਕਿਰਾਏ ’ਤੇ ਲਿਆ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਰਾਮਦ ਦਵਾਈਆਂ ਨਸ਼ੀਲੀਆਂ ਜਾਂ ਨਾਰਕੋਟਿਕ ਸ਼੍ਰੇਣੀ ਦੀਆਂ ਨਹੀਂ ਹਨ, ਸਗੋਂ ਇਹ ਆਈਵੀ ਫਲੂਡ ਹਨ। ਅਧਿਕਾਰੀਆਂ ਨੇ ਦੱਸਿਆ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਕਾਰਵਾਈ ਕਰਦਿਆਂ ਬਰਾਮਦ ਪੇਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਰਿਪੋਰਟ ਤਿਆਰ ਕਰ ਕੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਨਾਲ ਹੀ, ਬਰਾਮਦ ਪੇਟੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਥਾਣਾ ਸਿਟੀ-1 ਬਰਨਾਲਾ ਦੇ ਐੱਸਐੱਚਓ ਲਖਵੀਰ ਸਿੰਘ ਨੇ ਕਿਹਾ ਡਰੱਗ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਪੁਲਿਸ ਵੱਲੋਂ ਨਹੀਂ ਵਰਤੀ ਜਾਵੇਗੀ ਕੋਈ ਢਿੱਲ : ਐੱਸਐੱਸਪੀ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਾਜ ਆਲਮ ਨੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਅਜਿਹੇ ਮਾਮਲੇ ’ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਸਿਹਤ ਵਿਭਾਗ ਦੀ ਟੀਮ ਨਾਲ ਉਨ੍ਹਾਂ ਵੱਲੋਂ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬਰਨਾਲਾ ਪੁਲਿਸ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੌਕਸ ਹੈ।