- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁੰਮਸ ਨੇ ਲੋਕਾਂ ਨੂੰ ਕੀਤਾ ਬੇਚੈਨ, 36 ਡਿਗਰੀ ਤੱਕ ਪੁੱਜਾ ਤਾਪਮਾਨ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਮਾਲੇਰਕੋਟਲਾ : ਦੋ ਦਿਨਾਂ ਦੀ ਮਾਮੂਲੀ ਰਾਹਤ ਤੋਂ ਬਾਅਦ ਮੰਗਲਵਾਰ ਨੂੰ ਗਰਮੀ ਅਤੇ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਮੁੜ ਵਧਾ ਦਿੱਤੀਆਂ ਹਨ। ਤਾਪਮਾਨ ਵਿੱਚ ਹੋਏ ਵਾਧੇ ਅਤੇ ਹਵਾ ਵਿੱਚ ਨਮੀ ਦੇ ਉੱਚ ਪੱਧਰ ਕਾਰਨ ਦਿਨ ਭਰ ਲੋਕ ਬੇਚੈਨ ਰਹੇ। ਦੁਪਹਿਰ ਸਮੇਂ ਲੋਕਾਂ ਨੇ ਘਰਾਂ ਜਾਂ ਦਫ਼ਤਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਜਿਸ ਕਾਰਨ ਸੜਕਾਂ 'ਤੇ ਆਵਾਜਾਈ ਨਾ-ਮਾਤਰ ਰਹੀ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ, ਜੋ ਮੰਗਲਵਾਰ ਨੂੰ ਵੱਧ ਕੇ 36.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਹਵਾ ਵਿੱਚ ਨਮੀ ਕਰੀਬ 84 ਫ਼ੀਸਦੀ ਦਰਜ ਕੀਤੀ ਗਈ, ਜਿਸ ਕਾਰਨ ਅਸਲ ਤਾਪਮਾਨ ਨਾਲੋਂ ਕਿਤੇ ਵੱਧ ਗਰਮੀ ਮਹਿਸੂਸ ਹੋਈ। ਦਿਨ ਭਰ ਕਰੀਬ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਗਰਮ ਹਵਾਵਾਂ ਨੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ। ਮੌਸਮ ਵਿਭਾਗ ਮੁਤਾਬਿਕ ਜਦੋਂ ਤਾਪਮਾਨ ਅਤੇ ਨਮੀ ਦੋਵੇਂ ਇਕੱਠੇ ਵਧਦੇ ਹਨ ਤਾਂ 'ਹੀਟ ਇੰਡੈਕਸ' ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਸਰੀਰ ਨੂੰ ਮਹਿਸੂਸ ਹੋਣ ਵਾਲੀ ਗਰਮੀ ਅਸਲ ਤਾਪਮਾਨ ਨਾਲੋਂ ਕਈ ਡਿਗਰੀ ਵੱਧ ਹੁੰਦੀ ਹੈ। ਇਸ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਬੱਚਿਆਂ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ 'ਤੇ ਪੈਂਦਾ ਹੈ।
ਦੁਪਹਿਰ 12 ਤੋਂ 3 ਵਜੇ ਦੇ ਵਿਚਕਾਰ ਸੂਰਜ ਦੀ ਤਪਸ਼ ਅਤੇ ਹੁੰਮਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ। ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਮੰਗ ਵਿੱਚ ਵੀ ਇਜ਼ਾਫ਼ਾ ਹੋਇਆ। ਹਾਲਾਂਕਿ, ਬਿਜਲੀ ਵਿਭਾਗ ਨੇ ਸਪਲਾਈ ਆਮ ਰਹਿਣ ਦਾ ਦਾਅਵਾ ਕੀਤਾ ਹੈ। ਉਧਰ ਡਾਕਟਰਾਂ ਨੇ ਲੋਕਾਂ ਨੂੰ ਹੀਟ ਸਟ੍ਰੋਕ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਣ ਅਤੇ ਦੁਪਹਿਰ ਵੇਲੇ ਬੇਲੋੜੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਮੌਸਮ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਕਿਤੇ-ਕਿਤੇ ਬੱਦਲ ਛਾ ਸਕਦੇ ਹਨ, ਪਰ ਫਿਲਹਾਲ ਵਿਆਪਕ ਮੀਂਹ ਦੀ ਸੰਭਾਵਨਾ ਨਹੀਂ ਹੈ। ਵਿਭਾਗ ਦਾ ਅਨੁਮਾਨ ਹੈ ਕਿ ਸ਼ਨਿਚਰਵਾਰ ਨੂੰ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਵਾਤਾਵਰਨ ਵਿੱਚ ਨਮੀ ਵਧੇਗੀ, ਜਿਸ ਨਾਲ ਬੱਦਲ ਛਾਉਣ ਅਤੇ ਕੁਝ ਥਾਵਾਂ 'ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਜੇਕਰ ਇਹ ਸਿਸਟਮ ਪ੍ਰਭਾਵਸ਼ਾਲੀ ਰਿਹਾ ਤਾਂ ਮੌਨਸੂਨ ਮੁੜ ਸਰਗਰਮ ਹੋ ਸਕਦਾ ਹੈ ਅਤੇ ਅਗਲੇ ਹਫ਼ਤੇ ਚੰਗੀ ਬਾਰਿਸ਼ ਦੇ ਨਾਲ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਆ ਸਕਦੀ ਹੈ।