- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਰੋਇਨ ਦੀ ਕਮਾਈ ਨਾਲ ਬਣਿਆ 63 ਲੱਖ ਦਾ ਮਕਾਨ ਫ੍ਰੀਜ਼

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਾਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਆਰਥਿਕ ਕਮਰ ਤੋੜਦਿਆਂ ਪਿੰਡ ਬਾਗੜੀਆਂ ਦੇ ਇੱਕ ਆਦਤਨ ਨਸ਼ਾ ਤਸਕਰ ਦੀ ਹੈਰੋਇਨ ਦੀ ਕਥਿਤ ਕਮਾਈ ਨਾਲ ਬਣੀ 63 ਲੱਖ ਰੁਪਏ ਦੀ ਜਾਇਦਾਦ ਫ੍ਰੀਜ਼ ਕਰਵਾ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਪੁਲਿਸ ਤੋਂ ਬਚਣ ਲਈ ਇਹ ਮਕਾਨ ਤਸਕਰ ਨੇ ਆਪਣੇ ਪਿਤਾ ਦੇ ਨਾਮ ’ਤੇ ਬਣਾਇਆ ਸੀ।
ਐੱਸਐੱਸਪੀ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਅਮਰਗੜ੍ਹ ਪੁਲਿਸ ਨੇ 8 ਸਤੰਬਰ 2026 ਨੂੰ ਬਿੱਟੂ ਸਿੰਘ ਵਾਸੀ ਬਾਗੜੀਆਂ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਮੁਲਜ਼ਮ ਖ਼ਿਲਾਫ਼ ਸਾਲ 2020 ਤੋਂ ਹੁਣ ਤੱਕ ਨਸ਼ਾ ਤਸਕਰੀ ਦੇ 11 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ 15 ਕਿਲੋ ਤੱਕ ਭੁੱਕੀ ਅਤੇ ਹੈਰੋਇਨ ਦੀ ਬਰਾਮਦਗੀ ਸ਼ਾਮਲ ਹੈ।
ਪੁਲਿਸ ਦੀ ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ੇ ਦੀ ਕਮਾਈ ਨਾਲ ਆਪਣੇ ਪਿਤਾ ਦੇ ਨਾਮ ’ਤੇ ਮਕਾਨ ਬਣਾਇਆ ਸੀ। ਇਸ ਦੀ ਉਸਾਰੀ ’ਤੇ 48 ਲੱਖ ਰੁਪਏ ਅਤੇ ਪਲਾਟ ਦੀ ਕੀਮਤ 15 ਲੱਖ ਰੁਪਏ ਦੱਸੀ ਗਈ ਹੈ। ਪੁਲਿਸ ਨੇ 22 ਅਕਤੂਬਰ ਨੂੰ ਐਨਡੀਪੀਐਸ ਐਕਟ ਦੀ ਧਾਰਾ 68-F(1) ਤਹਿਤ ਜਾਇਦਾਦ ਫ੍ਰੀਜ਼ ਕਰਨ ਦੀ ਕਾਰਵਾਈ ਕੀਤੀ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਧਿਰ ਵੱਲੋਂ ਮੱਝਾਂ ਵੇਚਣ ਅਤੇ ਦਿਹਾੜੀ ਕਰਕੇ ਮਕਾਨ ਬਣਾਉਣ ਦੀਆਂ ਦਲੀਲਾਂ ਦਿੱਤੀਆਂ ਗਈਆਂ, ਪਰ ਆਮਦਨ ਦੇ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ। ਮਾਲੇਰਕੋਟਲਾ ਪੁਲਿਸ ਦੀ ਮਜ਼ਬੂਤ ਪੈਰਵੀ ਤੋਂ ਬਾਅਦ ਕੰਪੀਟੈਂਟ ਅਥਾਰਟੀ, ਨਵੀਂ ਦਿੱਲੀ ਨੇ 18 ਨਵੰਬਰ ਨੂੰ ਧਾਰਾ 68-F(2) ਤਹਿਤ ਫ੍ਰੀਜ਼ਿੰਗ ਹੁਕਮਾਂ ਦੀ ਪੁਸ਼ਟੀ ਕਰ ਦਿੱਤੀ। ਇਸ ਨਾਲ ਹੁਣ ਉਕਤ ਜਾਇਦਾਦ ਨੂੰ ਵੇਚਣ ਜਾਂ ਕਿਸੇ ਹੋਰ ਦੇ ਨਾਮ ਤਬਦੀਲ ਕਰਨ ’ਤੇ ਰੋਕ ਲੱਗ ਗਈ ਹੈ।
ਐਸਐਸਪੀ ਖੱਖ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਨਸ਼ੇ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਦਾ ਪੂਰਾ ਹਿਸਾਬ ਲਿਆ ਜਾਵੇਗਾ, ਭਾਵੇਂ ਉਹ ਤਸਕਰ ਦੇ ਆਪਣੇ ਨਾਮ ਹੋਣ ਜਾਂ ਰਿਸ਼ਤੇਦਾਰਾਂ ਦੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ।