ਚੋਰਾਂ ਨੇ ਬਾਈਕ ਕੀਤੀ ਚੋਰੀ ਤੇ ਇਕ ਤੋਂ ਖੋਹੀ ਨਕਦੀ
ਪੁਲਿਸ ਤੋਂ ਬੇਖੌਫ ਚੋਰਾਂ ਨੇ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਿੱਤਾ ਅੰਜਾਮ
Publish Date: Thu, 02 Apr 2026 05:43 PM (IST)
Updated Date: Fri, 03 Apr 2026 04:11 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਅੰਦਰ ਨਿਤ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਪੁਲਿਸ ਤੋਂ ਬੇਖੌਫ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਨਿਰਵਿਘਨ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਚੋਰਾਂ ਨੂੰ ਹੁਣ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਸਮੇਂ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ। ਬੀਤੀ ਰਾਤ ਚੋਰੀ ਦੀ ਇਕ ਘਟਨਾ ਫਿਰ ਵਾਪਰੀ, ਜਿਨ੍ਹਾਂ ’ਚ ਚੋਰਾਂ ਵੱਲੋਂ ਇੱਕ ਮੋਟਰਸਾਈਕਲ ਤੇ ਇਕ ਵਿਅਕਤੀ ਦੇ ਕੁੜਤੇ ਦਾ ਗਿਜਾ (ਜੇਬ) ਖਿੱਚ ਕੇ ਪਰਸ ਚੋਰੀ ਕੀਤੇ ਜਾਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਮੋਟਰਸਾਈਕਲ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਦੀਪੂ ਭੈਣੀ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਮਾਡਲ ਟਾਊਨ ਵਿਖੇ ਸਥਿਤ ਹੈ, ਜਿੱਥੇ ਚੋਰ ਉਨ੍ਹਾਂ ਦੇ ਘਰ ਦੇ ਬਾਹਰਲੇ ਗੇਟ ਅੰਦਰ ਖੜ੍ਹਾ ਮੋਟਰਸਾਈਕਲ ਸੀਡੀ ਡੀਲਕਸ ਰੰਗ ਕਾਲਾ (ਪੀਬੀ 19ਪੀ 4742) ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਤਪਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਇਸੇ ਤਰ੍ਹਾਂ ਦੂਸਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਗਊਸ਼ਾਲਾ ਰੋਡ ਵੱਲ ਜਾ ਰਿਹਾ ਸੀ, ਜਦੋਂ ਉਹ ਗਊਸ਼ਾਲਾ ਰੋਡ ’ਤੇ ਸਥਿਤ ਇਕ ਪੰਪ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ ਸਵਾਰ ਨੇ ਉਸਦੇ ਕੁੜਤੇ ਦੇ ਗੀਜੇ ’ਤੇ ਕੋਈ ਨੁਕੀਲੀ ਚੀਜ਼ ਮਾਰੀ ਤੇ ਮਿੱਟਾਂ ਸਕਿੰਟਾਂ ’ਚ ਚੋਰ ਉਸਦਾ ਗੀਜਾ ਕੱਟ ਕੇ ਪਰਸ ਚੋਰੀ ਕਰ ਕੇ ਲੈ ਗਿਆ। ਜਦ ਕਿ ਉਸ ਨੇ ਮੁਸਤੈਦੀ ਨਾਲ ਉਸ ਦਾ ਪਿੱਛਾ ਕੀਤਾ ਪ੍ਰੰਤੂ ਉਹ ਚੋਰ ਉਸਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸਦੇ ਬਟੂਏ ’ਚ 2 ਹਜ਼ਾਰ ਦੀ ਨਕਦੀ ਤੇ ਕੁਝ ਜ਼ਰੂਰੀ ਕਾਰਡ ਸਨ। ਉਸ ਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਇਨ੍ਹਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।