- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜਿਆਂ ਦੇ ਵੇਹੜਿਆਂ ਦੇ ਚਿਰਾਗ ਬਚਾਉਣ ਵਾਲਾ ਖੁਦ ਆਪਣਾ ਦੀਵਾ ਬੁਝਾ ਗਿਆ....

ਸੱਤਪਾਲ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ/ ਸ਼ੇਰਪੁਰ : ਪੰਜਾਬ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਤੋਂ ਬਾਅਦ ਸਮੁੱਚੇ ਪੰਜਾਬ ਅੰਦਰ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮਾਨਸਾ ਤੋਂ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਅੱਜ ਜ਼ਿਲ੍ਹਾ ਮਾਲੇਰਕੋਟਲਾ ਅਤੇ ਕਸਬਾ ਸ਼ੇਰਪੁਰ ਤੋਂ ਇਲਾਵਾ ਪੰਜਗਰਾਈਆਂ, ਸੰਦੌੜ ਛੋਟੇ ਕਸਬਿਆਂ ਅੰਦਰ ਵੀ ਲੋਕਾਂ ਨੇ ਰੋਡ ਜਾਮ ਕਰਕੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਦਵਾਉਣ ਦੀ ਆਵਾਜ਼ ਉਠਾਈ ਹੈ।
ਇਸ ਰੋਸ ਤਹਿਤ ਜਿੱਥੇ ਅੱਜ ਮਾਲੇਰਕੋਟਲਾ ਦੀਆਂ ਦੁਕਾਨਾਂ ਤੋਂ ਇਲਾਵਾ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ। ਮਾਲੇਰਕੋਟਲਾ ਦੇ ਗਰੇਵਾਲ ਚੌਕ ਵਿਖੇ ਲੁਧਿਆਣਾ ਨਾਭਾ, ਪਟਿਆਲਾ ਸੰਗਰੂਰ ਦੇ ਰਸਤਿਆਂ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਇਲਾਕੇ ਦੀਆਂ ਰਾਜਨੀਤਿਕ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਅਤੇ ਮੁਸਲਿਮ ਭਾਈਚਾਰੇ ਵੱਲੋਂ ਰੋਸਮਈ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ, ਚੌਧਰੀ ਸਮਸ਼ੂਦੀਨ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਖ਼ਿਲਾਫ਼ ਹੋ ਚੁੱਕੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਦੀਆਂ ਦੁਕਾਨਾਂ ਉੱਪਰ ਪੁੜੀਆਂ ਦੇ ਰੂਪ ਵਿੱਚ ਸ਼ਰੇਆਮ ਨਸ਼ੇ ਵਿਕ ਰਹੇ ਹਨ। ਜੇ ਕੋਈ ਪਰਵਿੰਦਰ ਸਿੰਘ ਝੋਟੇ ਵਰਗਾ ਨੌਜਵਾਨ ਇਸ ਕੋਹੜ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਨੂੰ ਸਰਕਾਰ ਤੇ ਪ੍ਰਸ਼ਾਸਨ ਦੀ ਸ਼ਹਿ ਤੇ ਗੋਲ਼ੀਆਂ ਮਰਵਾ ਦਿੱਤੀਆਂ ਜਾਂਦੀਆਂ ਹਨ। ਗੁਰੂਆਂ ਪੀਰਾਂ ਪੈਗੰਬਰਾਂ ਦੀ ਇਸ ਮਹਾਨ ਧਰਤੀ ਉੱਪਰ ਵਗ ਰਹੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਰਬਾਦੀ ਵੱਲ ਤੱਕ ਦਿੱਤਾ ਹੈ। ਜਿਸ ਦੀਆਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਸਮੇਂ ਦੀਆਂ ਸਰਕਾਰਾਂ ਹਨ। ਉਨ੍ਹਾਂ ਕਿਹਾ ਕਿ ਅੱਜ ਅੱਧ ਤੋਂ ਵੱਧ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਰੁਖ ਕਰ ਚੁੱਕੀ ਹੈ ਅਤੇ ਰਹਿੰਦੀ ਜਵਾਨੀ ਨੂੰ ਸਰਕਾਰਾਂ ਵੱਲੋਂ ਫੈਲਾਏ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ। ਉਨ੍ਹਾਂ ਕਿਹਾ ਕਿ ਨੈਤਿਕਤਾ ਦੇ ਆਧਾਰ ਉੱਪਰ ਸੂਬੇ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਜੁੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਸ਼ਹਿਰ ਅੰਦਰ ਵੀ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ਼ਮਈ ਧਰਨਾ ਦਿੱਤਾ ਗਿਆ।
ਇਸੇ ਤਰ੍ਹਾਂ ਕਸਬਾ ਸ਼ੇਰਪੁਰ ਦੇ ਕਾਤਰੋਂ ਚੌਕ ਵਿਖੇ ਵੀ ਨਸ਼ਾ ਰੋਕੂ ਕਮੇਟੀ ਤੋਂ ਇਲਾਵਾ ਇਲਾਕੇ ਦੀਆਂ ਰਾਜਨੀਤਕ ਧਾਰਮਿਕ, ਵਪਾਰ ਮੰਡਲ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਨਸ਼ਿਆਂ ਵਿਰੁੱਧ ਤਿੱਖੀ ਲੜਾਈ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਬੋਲਦਿਆਂ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਕਲਾਂ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਗੋਪੀ ਗਰੇਵਾਲ, ਅਮਨਦੀਪ ਸਿੰਘ ਈਨਾ ਬਾਜਵਾ, ਡਾਕਟਰ ਕਰਨਵੀਰ ਸਿੰਘ ਘਨੌਰੀ, ਨਰਿੰਦਰ ਸਿੰਘ ਕਾਲਾਬੂਲਾ, ਕਿਸਾਨ ਆਗੂ ਗੁਰਮੁੱਖ ਸਿੰਘ, ਜਸਮੇਲ ਸਿੰਘ ਬੜੀ ਸਾਬਕਾ ਸਰਪੰਚ, ਕਾਂਗਰਸ ਪਾਰਟੀ ਦੇ ਯੂਥ ਆਗੂ ਬਨੀ ਖੈਰਾ, ਜਗਰੂਪ ਸਿੰਘ ਮਾਹਮਦਪੁਰ, ਕਿਸਾਨ ਆਗੂ, ਬਹਾਦਰ ਸਿੰਘ, ਮਾਸਟਰ ਚਰਨ ਸਿੰਘ ਜਵੰਦਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਮਾਨਸਾ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਕਦੇ ਵੀ ਅਜਾਈ ਨਹੀਂ ਜਾਵੇਗੀ ਕਿਉਂਕਿ ਪੰਜਾਬ ਅੰਦਰ ਲਗਾਤਾਰ ਮਰ ਰਹੇ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ ਉਸਦੀ ਲੜਾਈ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ ਦਰਿਆ ਕਾਰਨ ਸਾਡਾ ਰੰਗਲਾ ਪੰਜਾਬ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ।