‘ਹੱਦ ਕਰ ਦੀ ਆਪ ਨੇ’ ਲੱਖੀ ਕਾਲੋਨੀ ਦੀ ਸੜਕ ਵਿਚਕਾਰੋਂ ਪੁੱਟਕੇ ਛੱਡੀ ਲੱਖੀ ਕਲੋਨੀ ਦੀ ਸੜਕ ਵਿਚਕਾਰੋਂ ਪੁੱਟਕੇ ਛੱਡੀ
Publish Date: Sat, 11 Jul 2026 03:43 PM (IST)
Updated Date: Sun, 12 Jul 2026 04:00 AM (IST)
ਪ੍ਰਸ਼ਾਸਨਿਕ ਲਾਪ੍ਰਵਾਹੀ ਕਾਰਨ ਲੋਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਸਹਵੀਰ ਸਾਬੀ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਲੱਖੀ ਕਾਲੋਨੀ ਦੇ ਨਿਵਾਸੀ ਇਸ ਵੇਲੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਕਥਿਤ ਲਾਪ੍ਰਵਾਹੀ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ। ਕਾਲੋਨੀ ਦੀ ਇੱਕ ਮੁੱਖ ਗਲੀ ਦੀ ਸੜਕ ਨੂੰ ਕਿਸੇ ਵਿਕਾਸ ਕਾਰਜ ਜਾਂ ਪਾਈਪਲਾਈਨ ਪਾਉਣ ਦੇ ਨਾਂ ’ਤੇ ਵਿਚਕਾਰੋਂ ਪੁੱਟ ਤਾਂ ਦਿੱਤਾ ਗਿਆ, ਪਰ ਕੰਮ ਨੂੰ ਨੇਪਰੇ ਚਾੜ੍ਹਨ ਦੀ ਬਜਾਏ ਅਧੂਰਾ ਹੀ ਛੱਡ ਦਿੱਤਾ ਗਿਆ ਹੈ। ਇਸ ਕਾਰਨ ਇਲਾਕੇ ’ਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸਥਾਨਕ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਹਾਦਸਿਆਂ ਨੂੰ ਸੱਦਾ ਦਿੰਦੇ ਰੇਤ ਤੇ ਇੱਟਾਂ ਦੇ ਢੇਰ ਤੂੰ ਕਲੋਨੀ ਵਾਸੀ ਪਰੇਸ਼ਾਨ ਹਨ। ਇਹ ਮਲਬਾ ਲੰਘਣ ਵਾਲੇ ਵਾਹਨਾਂ ਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸੜਕ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਇੱਥੋਂ ਦੋਪਹੀਆ ਵਾਹਨਾਂ ਦਾ ਲੰਘਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। --ਸਥਾਨਕ ਨਿਵਾਸੀਆਂ ’ਚ ਰੋਸ ਇਲਾਕਾ ਨਿਵਾਸੀਆਂ ਸ਼ਿਵਮ ਗਰਗ, ਪ੍ਰਦੀਪ ਗੋਇਲ, ਨੀਟਾ ਧੌਲਾ, ਕਬੀਰ ਗੋਇਲ ਨੇ ਭਰੇ ਮਨ ਨਾਲ ਦੱਸਿਆ ਕਿ ਸੜਕ ਪੁੱਟੇ ਨੂੰ ਕਈ ਦਿਨ ਬੀਤ ਚੁੱਕੇ ਹਨ। ਸ਼ੁਰੂਆਤ ਚ ਲੱਗਿਆ ਸੀ ਕਿ ਸ਼ਾਇਦ ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ, ਪਰ ਹੁਣ ਕਈ ਦਿਨਾਂ ਤੋਂ ਇੱਥੇ ਕੋਈ ਕਰਮਚਾਰੀ ਜਾਂ ਮਜ਼ਦੂਰ ਕੰਮ ਕਰਦਾ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਲੰਘਦੇ ਵਾਹਨਾਂ ਕਾਰਨ ਉੱਡਣ ਵਾਲੀ ਧੂੜ ਸਿੱਧੀ ਲੋਕਾਂ ਦੇ ਘਰਾਂ ਅੰਦਰ ਜਾ ਰਹੀ ਹੈ, ਜਿਸ ਨਾਲ ਸਾਹ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਘਰਾਂ ਦੇ ਬਾਹਰ ਖੇਡਣ ਵਾਲੇ ਬੱਚਿਆਂ ਤੇ ਸੈਰ ਕਰਨ ਵਾਲੇ ਬਜ਼ੁਰਗਾਂ ਲਈ ਹਰ ਵੇਲੇ ਡਿੱਗਣ ਜਾਂ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਗਲੀ ’ਚ ਸਥਿਤ ਛੋਟੀਆਂ ਦੁਕਾਨਾਂ ਅੱਗੇ ਮਲਬਾ ਹੋਣ ਕਾਰਨ ਗਾਹਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ ਹੈ, ਜਿਸ ਨਾਲ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। --ਪ੍ਰਸ਼ਾਸਨ ਤੋਂ ਕੰਮ ਨੇਪਰੇ ਚਾੜ੍ਹਨ ਦੀ ਮੰਗ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਸਣੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਇੱਕ-ਦੋ ਦਿਨਾਂ ਚ ਸੜਕ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ, ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਮਲਬੇ ਨੂੰ ਜਲਦ ਹਟਾ ਕੇ ਸੜਕ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਆਵਾਜਾਈ ਮੁੜ ਸੁਚਾਰੂ ਹੋ ਸਕੇ ਅਤੇ ਕਾਲੋਨੀ ਦੇ ਲੋਕ ਸੁੱਖ ਦਾ ਸਾਹ ਲੈ ਸਕਣ।