8 ਦਿਨਾਂ ’ਚ ਪੂਰਾ ਹੋਇਆ ਵਾਅਦਾ 8 ਦਿਨਾਂ ’ਚ ਪੂਰਾ ਹੋਇਆ ਵਾਅਦਾ
Publish Date: Sun, 19 Jul 2026 07:13 PM (IST)
Updated Date: Sun, 19 Jul 2026 07:16 PM (IST)
ਸਰਪੰਚ ਨੇ ਮਾਣ ਭੱਤੇ ਦਾ ਤਿਆਗ ਕਰਦਿਆਂ ਨਹਿਰੀ ਪਾਣੀ ਦੀ ਕੀਤੀ ਸੀ ਮੰਗ ਪਿੰਡ ਹਮੀਦੀ ਦੇ 3,300 ਏਕੜ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਭੇਜੀਆਂ ਪਾਈਪਾਂ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਕਰੀਬ 3,300 ਏਕੜ ਖੇਤੀਬਾੜੀ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਕੁਰੜ ਮਾਈਨਰ ਦੇ ਮੋਘਾ ਨੰਬਰ 30316 ਐੱਲ ਲਈ ਪਹਿਲੇ ਪੜਾਅ ਵਿੱਚ ਨਵੀਆਂ ਪਾਈਪਾਂ ਪਿੰਡ ਹਮੀਦੀ ਭੇਜ ਦਿੱਤੀਆਂ ਗਈਆਂ ਹਨ। ਇਸ ਪ੍ਰੋਜੈਕਟ ਦੀ ਸ਼ੁਰੂਆਤ ਪਿੱਛੇ ਪਿੰਡ ਦੇ ਸਰਪੰਚ ਉਮਨਦੀਪ ਸਿੰਘ ਸੋਹੀ ਤੇ ਸਮੂਹ ਗ੍ਰਾਮ ਪੰਚਾਇਤ ਦੀ ਅਹਿਮ ਭੂਮਿਕਾ ਰਹੀ ਹੈ। ਸਰਪੰਚ ਨੇ 8 ਜੁਲਾਈ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਿੰਡ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਰੱਖੀ ਸੀ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਨੇ ਪਿੰਡ ਦੇ ਵਿਕਾਸ ਨੂੰ ਪਹਿਲ ਦਿੰਦਿਆਂ ਆਪਣੇ 10 ਹਜ਼ਾਰ ਰੁਪਏ ਮਾਣ-ਭੱਤੇ ਦਾ ਤਿਆਗ ਕਰਨ ਦਾ ਐਲਾਨ ਵੀ ਕੀਤਾ ਸੀ, ਜਿਸ ਦੀ ਪੰਜਾਬ ਭਰ ਵਿੱਚ ਚਰਚਾ ਹੋਈ ਸੀ। ਸਰਪੰਚ ਉਮਨਦੀਪ ਸਿੰਘ ਸੋਹੀ ਨੇ ਦੱਸਿਆ ਕਿ 11 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਟੈਲੀਫੋਨ ਕਰਕੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਪਿੰਡ ਹਮੀਦੀ ਦੀ ਮੰਗ ਨੂੰ ਤਰਜੀਹ ਦੇ ਆਧਾਰ ਤੇ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੇ ਹੀ ਦਿਨ ਸਬੰਧਤ ਮਹਿਕਮਿਆਂ ਦੀਆਂ ਟੀਮਾਂ ਪਿੰਡ ਵਿੱਚ ਭੇਜ ਕੇ ਸਰਵੇ ਕਰਵਾਇਆ ਜਾਵੇਗਾ ਤੇ ਸਰਵੇ ਰਿਪੋਰਟ ਦੇ ਆਧਾਰ ਤੇ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਪਰੰਤ ਸਿੰਚਾਈ ਵਿਭਾਗ ਸਮੇਤ ਵੱਖ-ਵੱਖ ਮਹਿਕਮਿਆਂ ਦੀਆਂ ਟੀਮਾਂ ਨੇ ਪਿੰਡ ਵਿੱਚ ਪਹੁੰਚ ਕੇ ਮੌਕੇ ਦਾ ਵਿਸਥਾਰਪੂਰਵਕ ਸਰਵੇ ਕੀਤਾ। ਸਰਵੇ ਦੌਰਾਨ ਖੇਤੀਬਾੜੀ ਰਕਬੇ, ਪਾਣੀ ਦੀ ਲੋੜ ਤੇ ਪਾਈਪ ਲਾਈਨ ਦੇ ਰੂਟ ਦਾ ਮੁਲਾਂਕਣ ਕੀਤਾ ਗਿਆ। ਸਰਵੇ ਮੁਕੰਮਲ ਹੋਣ ਉਪਰੰਤ ਅੱਜ ਪ੍ਰੋਜੈਕਟ ਦੇ ਪਹਿਲੇ ਪੜਾਅ ਵਜੋਂ ਕਰੜ ਮਾਈਨਰ ਦੇ ਮੋਗਾ ਨੰਬਰ 30316 ਲਈ ਨਵੀਆਂ ਪਾਈਪਾਂ ਪਿੰਡ ਹਮੀਦੀ ਪਹੁੰਚਾ ਦਿੱਤੀਆਂ ਗਈਆਂ ਹਨ। ਸਰਪੰਚ ਉਮਨਦੀਪ ਸਿੰਘ ਸੋਹੀ, ਪੰਚ ਹਰਪ੍ਰੀਤ ਸਿੰਘ ਦਿਓਲ, ਏਕਮ ਸਿੰਘ ਦਿਓਲ, ਜਗਜੀਤ ਸਿੰਘ ਰਾਣੂ ਤੇ ਕਮੇਟੀ ਪ੍ਰਧਾਨ ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਲਗਭਗ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਾਈਪ ਲਾਈਨ ਵਿਛਣ ਤੋਂ ਬਾਅਦ ਕਰੀਬ 150 ਕਿਸਾਨਾਂ ਦੀ ਖੇਤੀਬਾੜੀ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਿੱਧੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਦਾ ਇਕੋ-ਇੱਕ ਟੀਚਾ ਪਿੰਡ ਹਮੀਦੀ ਨੂੰ ਵਿਕਾਸ ਪੱਖੋਂ ਇੱਕ ਮਾਡਲ ਪਿੰਡ ਵਜੋਂ ਸਥਾਪਿਤ ਕਰਨਾ ਹੈ, ਜਿੱਥੇ ਕਿਸਾਨਾਂ, ਨੌਜਵਾਨਾਂ ਤੇ ਆਮ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਸਮੇਂ ਸਿਰ ਮਿਲ ਸਕੇ। ਕਿਸਾਨਾਂ ਨੇ ਵੀ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਸਰਪੰਚ ਉਮਨਦੀਪ ਸਿੰਘ ਸੋਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਇਹ ਮੰਗ ਪੂਰੀ ਹੋਣ ਨਾਲ ਖੇਤੀਬਾੜੀ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਕੇਵਲ ਸਿੰਘ ਲੌਂਗੋਵਾਲੀਆ, ਜਸਪਾਲ ਸਿੰਘ ਰਾਣੂ, ਦਰਸ਼ਨ ਸਿੰਘ ਮਾਂਗਟ, ਪਰਮਪ੍ਰੀਤ ਸਿੰਘ ਪ੍ਰੀਤ ਰਾਣੂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।