CM ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ: ਯੂਥ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਘਰ ’ਚ ਨਜ਼ਰਬੰਦ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲੀ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਤੋਂ ਬੁਰੀ ਤਰ੍ਹਾਂ ਡਰ ਚੁੱਕੇ ਹਨ, ਇਸੇ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਹੈ ਅਤੇ ਕਾਫ਼ੀ ਕੁਫ਼ਰ ਤੋਲਿਆ ਹੈ, ਜਿਸ ਕਰਕੇ ਜਨਤਾ ਦੇ ਸਵਾਲਾਂ ਸਾਹਮਣੇ ਉਨ੍ਹਾਂ ਨੂੰ ਚੁੱਪੀ ਵੱਟਣੀ ਪਵੇਗੀ।
Publish Date: Sat, 31 Oct 2026 11:12 AM (IST)
Updated Date: Sat, 31 Oct 2026 11:22 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਨਿੱਚਰਵਾਰ ਨੂੰ ਪਿੰਡ ਮੌੜਾਂ ਵਿਖੇ ਹੋਣ ਵਾਲੇ ਸੱਥ ਪ੍ਰੋਗਰਾਮ ਵਿੱਚ ਸਵਾਲ ਪੁੱਛਣ ਦੇ ਕੀਤੇ ਐਲਾਨ ਤੋਂ ਬਾਅਦ ਪੁਲਿਸ ਨੇ ਤੜਕਸਾਰ ਯੂਥ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਖਡਿਆਲ ਨੂੰ ਉਸਦੇ ਘਰ ਵਿੱਚ ਹਾਊਸ ਅਰੈਸਟ ਕਰ ਦਿੱਤਾ ਹੈ।
ਇਸ ਮੌਕੇ ਇੰਟਰਨੈੱਟ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਨੌਜਵਾਨ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡਿਆਲ ਨੇੜਲੇ ਪਿੰਡ ਮੌੜਾਂ ਵਿਖੇ ਆਉਣਾ ਸੀ। ਪਹਿਲਾਂ ਵਾਂਗ ਹੀ ਸਰਕਾਰ ਦੇ 'ਸੱਥਾਂ' ਵਾਲੇ ਪ੍ਰੋਗਰਾਮ ਤਹਿਤ ਉਨ੍ਹਾਂ ਅਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੀ ਨੌਜਵਾਨੀ ਅਤੇ ਇੱਥੋਂ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਸਵਾਲ ਪੁੱਛਣੇ ਸਨ ਪਰ ਪੁਲਿਸ ਵੱਲੋਂ ਮੈਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।
ਯੂਥ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਖਡਿਆਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹੀ ਸਵੇਰੇ 5 ਵਜੇ ਹੀ ਉਨ੍ਹਾਂ ਦੇ ਘਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਘਰ ਦੇ ਵਿੱਚ ਹੀ ਹਾਊਸ ਅਰੈਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਜੋ ਉਹ ਪਿੰਡ ਮੌੜਾਂ ਜਾ ਕੇ ਮੁੱਖ ਮੰਤਰੀ ਤੋਂ ਪੰਜਾਬ ਦੇ ਹਿੱਤਾਂ ਬਾਰੇ ਕੋਈ ਸਵਾਲ ਨਾ ਪੁੱਛ ਸਕਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲੀ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਤੋਂ ਬੁਰੀ ਤਰ੍ਹਾਂ ਡਰ ਚੁੱਕੇ ਹਨ, ਇਸੇ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਹੈ ਅਤੇ ਕਾਫ਼ੀ ਕੁਫ਼ਰ ਤੋਲਿਆ ਹੈ, ਜਿਸ ਕਰਕੇ ਜਨਤਾ ਦੇ ਸਵਾਲਾਂ ਸਾਹਮਣੇ ਉਨ੍ਹਾਂ ਨੂੰ ਚੁੱਪੀ ਵੱਟਣੀ ਪਵੇਗੀ।
ਹਰਪਾਲ ਸਿੰਘ ਖਡਿਆਲ ਨੇ ਚਿਤਾਵਨੀ ਦਿੱਤੀ ਕਿ ਉਹ ਜਿੱਥੇ ਵੀ ਜਾਣਗੇ, ਅਕਾਲੀ ਵਰਕਰ ਉਨ੍ਹਾਂ ਦਾ ਅੱਗੇ ਹੋ ਕੇ ਟਾਕਰਾ ਕਰਨਗੇ ਅਤੇ ਪੰਜਾਬੀਆਂ ਵੱਲੋਂ ਹਰ ਰੋਜ਼ ਸਵਾਲ ਪੁੱਛੇ ਜਾਂਦੇ ਰਹਿਣਗੇ।
ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੇ ਘਰ ਵੀ ਛਾਪੇਮਾਰੀ ਕੀਤੀ ਪਰ ਉਹ ਪੁਲਿਸ ਦੇ ਹੱਥੇ ਨਹੀਂ ਚੜ੍ਹੇ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੌੜਾਂ ਵਿਖੇ ਸਵਾਲ ਪੁੱਛਣ ਹਰ ਹੀਲੇ ਜਾਣਗੇ।