ਨਾਮਦੇਵ ਸਮਾਜ ਦੀਆਂ ਮੰਗਾਂ ਬਾਰੇ ਹਰਪਾਲ ਚੀਮਾ ਨੂੰ ਦਿੱਤਾ ਮੰਗ ਪੱਤਰ ਨਾਮਦੇਵ ਸਮਾਜ ਦੀਆਂ ਮੰਗਾਂ ਬਾਰੇ ਹਰਪਾਲ ਚੀਮਾ ਨੂੰ ਦਿੱਤਾ ਮੰਗ ਪੱਤਰ
Publish Date: Mon, 07 Sep 2026 04:01 PM (IST)
Updated Date: Tue, 08 Sep 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੀ ਮਹਾਨ ਧਾਰਮਿਕ, ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਅਤੇ ਨਾਮਦੇਵ ਬਰਾਦਰੀ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਮੁੱਖ ਬੁਲਾਰਾ ਬਲਵੰਤ ਸਿੰਘ ਜੋਗਾ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਵਿਸਥਾਰਤ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਰਾਜਵੀਰ ਸਿੰਘ ਭੰਗੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਵਫ਼ਦ ਵੱਲੋਂ ਸਭ ਤੋਂ ਪ੍ਰਮੁੱਖ ਮੰਗ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਨਗਰ ਘੁਮਾਣ ਵਿਖੇ ਸਥਿਤ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਨੂੰ ਸਰਕਾਰੀ ਤੌਰ ’ਤੇ ਤੀਰਥ ਸਥਾਨ ਦਾ ਦਰਜਾ ਦੇਣ ਦੀ ਕੀਤੀ ਗਈ। ਵਫ਼ਦ ਆਗੂਆਂ ਨੇ ਕਿਹਾ ਕਿ ਘੁਮਾਣ ਸਾਹਿਬ ਦੀ ਧਰਤੀ ਭਗਤ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਉਨ੍ਹਾਂ ਨੇ ਲੰਮਾ ਸਮਾਂ ਘੋਰ ਤਪੱਸਿਆ ਕੀਤੀ ਅਤੇ ਇਸ ਧਰਤੀ ਨੂੰ ਆਪਣੀ ਅਧਿਆਤਮਿਕ ਸਾਧਨਾ ਨਾਲ ਪਵਿੱਤਰ ਕੀਤਾ। ਉਨ੍ਹਾਂ ਕਿਹਾ ਕਿ ਭਗਤ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਕਾਰ ਸਹਿਤ ਦਰਜ ਕਰਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਨਾਮਦੇਵ ਜੀ ਦੀ ਮਹਾਨ ਅਧਿਆਤਮਿਕ ਵਿਚਾਰਧਾਰਾ ਨੂੰ ਵਿਸ਼ਵ ਪੱਧਰ ’ਤੇ ਅਮਰ ਕਰ ਦਿੱਤਾ। ਵਫ਼ਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਭਗਤ ਨਾਮਦੇਵ ਜੀ ਦੇ ਨਾਮ ’ਤੇ ਬੰਦ ਪਈ ਚੇਅਰ ਨੂੰ ਮੁੜ ਚਾਲੂ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਸ ਚੇਅਰ ਦੇ ਮੁੜ ਸਰਗਰਮ ਹੋਣ ਨਾਲ ਭਗਤ ਨਾਮਦੇਵ ਜੀ ਦੇ ਜੀਵਨ, ਬਾਣੀ, ਦਰਸ਼ਨ, ਵਿਚਾਰਧਾਰਾ ਅਤੇ ਇਤਿਹਾਸ ਸਬੰਧੀ ਖੋਜ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਭਗਤ ਨਾਮਦੇਵ ਜੀ ਦੇ ਨਾਮ ’ਤੇ ਕਿਸੇ ਪ੍ਰਮੁੱਖ ਸਰਕਾਰੀ ਸੰਸਥਾ ਦਾ ਨਾਮ ਰੱਖਣ ਅਤੇ ਹੋਰਨਾਂ ਭਾਈਚਾਰਿਆਂ ਦੀ ਤਰਜ਼ ’ਤੇ ਨਾਮਦੇਵ ਬਰਾਦਰੀ ਭਾਈਚਾਰੇ ਲਈ ਵੱਖਰਾ ਬੋਰਡ ਸਥਾਪਤ ਕਰਨ ਸਮੇਤ ਭਾਈਚਾਰੇ ਦੀਆਂ ਹੋਰ ਜਾਇਜ਼ ਮੰਗਾਂ ਨੂੰ ਵੀ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮੌਕੇ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ, ਪ੍ਰਚਾਰ ਸਕੱਤਰ ਕਰਮ ਸਿੰਘ ਨਮੋਲ, ਮੁੱਖ ਬੁਲਾਰਾ ਬਲਵੰਤ ਸਿੰਘ ਜੋਗਾ ਸਮੇਤ ਨਾਮਦੇਵ ਬਰਾਦਰੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਦੀ ਮਹਾਨ ਵਿਰਾਸਤ ਕਿਸੇ ਇੱਕ ਭਾਈਚਾਰੇ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਲਈ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੀ ਸੰਭਾਲ, ਖੋਜ ਅਤੇ ਪ੍ਰਚਾਰ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕਣੇ ਸਮੇਂ ਦੀ ਅਹਿਮ ਲੋੜ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਫ਼ਦ ਵੱਲੋਂ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਇਨ੍ਹਾਂ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਲਈ ਸਰਕਾਰ ਦੇ ਪੱਧਰ ’ਤੇ ਹਰ ਸੰਭਵ ਯਤਨ ਕਰਨ ਦਾ ਵਿਸ਼ਵਾਸ ਦਿਵਾਇਆ।