ਹਾਰਡਵੇਅਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਲੈਪਟਾਪ ਚੋਰੀ ਹਾਰਡਵੇਅਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਲੈਪਟਾਪ ਚੋਰੀ
Publish Date: Wed, 11 Nov 2026 06:13 PM (IST)
Updated Date: Thu, 12 Nov 2026 04:00 AM (IST)
-- ਪਛਾਣ ਲੁਕਾਉਣ ਲਈ ਡੀਵੀਆਰ ਵੀ ਨਾਲ ਲੈ ਗਿਆ ਚੋਰ, ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਲੱਗੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਗੀਤਾ ਭਵਨ ਦੇ ਪਿੱਛੇ ਜੋੜੀਆਂ ਚੱਕੀਆਂ ਨੇੜਿਓਂ ਬੀਤੀ ਰਾਤ ਇੱਕ ਨਕਾਬਪੋਸ਼ ਚੋਰ ਨੇ ਹੋਲਸੇਲ ਹਾਰਡਵੇਅਰ ਦੀ ਦੁਕਾਨ ਤੋਂ ਹੱਥ ਸਾਫ਼ ਕਰਦਿਆਂ 50 ਤੋਂ 60 ਹਜ਼ਾਰ ਰੁਪਏ ਨਕਦ, ਇੱਕ ਲੈਪਟਾਪ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਉਡਾ ਲਿਆ। ਇਸ ਘਟਨਾ ਦਾ ਪਤਾ ਬੁੱਧਵਾਰ ਸਵੇਰ ਨੂੰ ਦੁਕਾਨ ਖੋਲ੍ਹਣ ਵੇਲੇ ਲੱਗਾ, ਜਿਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਜੱਟੂ ਮੱਲ ਦੇਵਰਾਜ ਹਾਰਡਵੇਅਰ ਸ਼ਾਪ ਦੇ ਮਾਲਕ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਹ ਮੰਗਲਵਾਰ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਪਣੇ ਘਰੀਂ ਗਏ ਸਨ। ਬੁੱਧਵਾਰ ਸਵੇਰੇ ਜਦੋਂ ਦੁਕਾਨ ਖੋਲ੍ਹ ਕੇ ਵੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਦਾ ਤਾਲਾਟੁੱਟਿਆ ਹੋਇਆ ਸੀ। ਗੱਲੇ ਵਿੱਚੋਂ 50-60 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ ਨੇੜਲੇ ਘਰਾਂ ਦੀਆਂ ਕੰਧਾਂ ਟੱਪ ਕੇ ਅਤੇ ਕੋਠਿਆਂ ਦੇ ਰਸਤੇ ਦੁਕਾਨ ਅੰਦਰ ਦਾਖਲ ਹੋਇਆ ਸੀ। ਦੁਕਾਨ ਮਾਲਕ ਮੁਤਾਬਕ ਚੋਰ ਨਕਦੀ ਤੇ ਲੈਪਟਾਪ ਦੇ ਨਾਲ-ਨਾਲ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਿਆ ਤਾਂ ਜੋ ਉਸਦੀ ਪਛਾਣ ਲੁਕਾਈ ਜਾ ਸਕੇ ਅਤੇ ਸਬੂਤ ਮਿਟਾਏ ਜਾ ਸਕਣ। ਹਾਲਾਂਕਿ, ਚੋਰ ਦੀਆਂ ਹਰਕਤਾਂ ਸਾਹਮਣੇ ਵਾਲੇ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਜਿਸ ਦੀ ਮਦਦ ਨਾਲਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-1 ਦੇ ਐੱਸਐੱਚਓ ਇੰਸਪੈਕਟਰ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਏ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਚੋਰੀ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।