ਗੁਰੂ ਨਾਨਕ ਕਾਲਜ ਦੀ ਭੰਗੜੇ ’ਚ ਸ਼ਾਨਦਾਰ ਪੇਸ਼ਕਾਰੀ
ਗੁਰੂ ਨਾਨਕ ਕਾਲਜ ਦੀ ਭੰਗੜੇ 'ਚ ਸ਼ਾਨਦਾਰ ਪੇਸ਼ਕਾਰੀ
Publish Date: Wed, 25 Mar 2026 04:34 PM (IST)
Updated Date: Wed, 25 Mar 2026 04:37 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਕਰਵਾਏ ਗਏ 10 ਰੋਜ਼ਾ ਸਰਸ ਮੇਲੇ ਵਿਚ ਉੱਤਰੀ ਭਾਰਤ ਦੀ ਸਿਰਮੌਰ ਤੇ ਖ਼ੁਦਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥੀਆਂ, ਮਾਪਿਆਂ, ਟੀਮ ਇੰਚਾਰਜ, ਕੋਆਰਡੀਨੇਟਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਦੇਸ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਲੋਕ ਨਾਚਾਂ ਦੀਆਂ ਟੀਮਾਂ ਦੀਆਂ ਪੇਸ਼ਕਾਰੀਆਂ ਹੋਈਆਂ ਉੱਥੇ ਪੰਜਾਬ ਦੇ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਗੁਰੂ ਨਾਨਕ ਕਾਲਜ ਬੁਢਲ਼ਾਡਾ ਦੇ ਵਿਦਿਆਰਥੀਆਂ ਨੇ ਕੀਤੀ। ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਨੇ ਪਹਿਲਾਂ ਗਣਤੰਤਰਤਾ ਦਿਹਾੜੇ ਮੌਕੇ ਭਾਰਤ ਸਰਕਾਰ ਦੇ ਮਨਿਸਟਰੀ ਆਫ ਕਲਚਰ ਵਿਭਾਗ ਵੱਲੋਂ ਕਰਵਾਏ ਦਿ ਲਾਰਜੈਸਟ ਇੰਡੀਅਨ ਫੋਕ ਵਰਾਇਟੀ ਡਾਂਸ ਵਿੱਚ ਸੰਸਥਾ ਦੀ ਭੰਗੜਾ ਟੀਮ ਨੇ ਹਿੱਸਾ ਲਿਆ ਅਤੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾ ਕੇ ਇਤਿਹਾਸ ਸਿਰਜਿਆ। ਖੇਤਰੀ ਅਤੇ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਯੁਵਕ ਭਲਾਈ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਇਸ ਟੀਮ ਦੀ ਪੇਸ਼ਕਾਰੀ ਬੇਹੱਦ ਸ਼ਾਨਦਾਰ ਰਹੀ। ਉਨ੍ਹਾਂ ਦੱਸਿਆ ਕਿ ਸਰਸ ਮੇਲੇ ਦੌਰਾਨ ਵੱਖ-ਵੱਖ ਮੁਕਾਬਲੇ ਹੋਏ ਸਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਵਿਅਕਤੀਗਤ ਲੋਕ ਨਾਚ ਵਿਚ ਬੀਏ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਵਿਅਕਤੀਗਤ ਗੀਤ ਵਿਚ ਸੰਗੀਤ ਵਿਭਾਗ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਪਹਿਰਾਵਾ ਪ੍ਰਦਰਸ਼ਨੀ ਵਿਚ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਗੁਰਪਿਆਰ ਸਿੰਘ ਨੇ ਦੂਜਾ ਸਥਾਨ ਅਤੇ ਖੁਸ਼ਵੀਰ ਮੱਟੂ ਨੇ ਕਵਿਤਾ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਰਸ ਮੇਲੇ ਸਾਇੰਸ, ਕਾਮਰਸ, ਸੰਗੀਤ, ਰਾਜਨੀਤੀ ਸ਼ਾਸਤਰ, ਕੰਪਿਊਟਰ, ਬੈਚੂਲਰ ਆਫ ਆਰਟਸ, ਫੈਸ਼ਨ ਤਕਨਾਲੋਜੀ, ਅੰਗਰੇਜ਼ੀ, ਕੌਮੀ ਸੇਵਾ ਯੋਜਨਾ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਸਰਸ ਮੇਲੇ ਵਿੱਚ ਲੈ ਕੇ ਜਾਣ ਦਾ ਮੁੱਖ ਮਨੋਰਥ ਭਾਰਤ ਦੀਆਂ ਵੱਖ-ਵੱਖ ਹੱਥ-ਕਲਾਵਾਂ, ਲੋਕ ਕਲਾਵਾਂ ਅਤੇ ਵਿਰਾਸਤ ਨਾਲ ਜਾਣੂ ਕਰਵਾਉਣਾ ਸੀ। ਇਸ ਤਰ੍ਹਾਂ ਦੇ ਮੇਲਿਆਂ ਰਾਹੀਂ ਵਿਦਿਆਰਥੀ ਕਲਾਕਾਰਾਂ ਦੀ ਰਚਨਾਤਮਕਤਾ, ਕਲਾਵਾਂ ਅਤੇ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਸ ਵਿੱਦਿਅਕ ਟੂਰ ਨੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸਹਿਯੋਗ ਅਤੇ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ।