- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਆਰੰਭ ਹੋਣਗੀਆਂ ਗੁਰਮਤਿ ਕਲਾਸਾਂ

ਸੰਤ ਅਤਰ ਸਿੰਘ ਕਾਲਜ ’ਚ ਸ਼ਾਮ ਦੀਆਂ ਕਲਾਸਾਂ ਤੇ ਗੁਰਮਤਿ ਕੋਰਸਾਂ ਲਈ ਦਾਖ਼ਲੇ ਸ਼ੁਰੂ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਿਰਮਲ ਪੰਥ ਲਈ 20ਵੀਂ ਸਦੀ ਦੇ ਮਹਾਨ ਗੁਰਮੁਖ ਪਿਆਰੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਆਰੰਭੇ ਯਤਨਾਂ ਨੂੰ ਹੋਰ ਪ੍ਰਚੰਡ ਕਰਨ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਇੰਟਰਨੈਸ਼ਨਲ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਇੰਟਰਨੈਸ਼ਨਲ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਨੁਮਾਇੰਦੇ ਮਾਸਟਰ ਕੁਲਵਿੰਦਰ ਸਿੰਘ ਸਿੰਧੜਾਂ ਸਮੇਤ ਪ੍ਰਚਾਰ ਦੇ ਖੇਤਰ ਵਿੱਚ ਨਿਸ਼ਕਾਮ ਸੇਵਾ ਨਿਭਾਅ ਰਹੇ ਭਾਈ ਜਗਜੀਤ ਸਿੰਘ ਸਾਰੋਂ, ਪ੍ਰੋ. ਹਰਵਿੰਦਰ ਸਿੰਘ ਮੂਨਕ, ਮਾਸਟਰ ਮਨਜੀਤ ਸਿੰਘ ਬਡਰੁੱਖਾਂ, ਭਾਈ ਰਣਜੀਤ ਸਿੰਘ ਕਮੱਗਰ, ਭਾਈ ਸੁਖਪ੍ਰੀਤ ਸਿੰਘ ਕਨੋਈ, ਪ੍ਰੋ. ਕਰਮਜੀਤ ਸਿੰਘ ਗੱਗੜਪੁਰ, ਕਿਰਨਦੀਪ ਸਿੰਘ ਸਾਰੋਂ ਅਤੇ ਬਲਵੰਤ ਸਿੰਘ ਸ਼ੇਰੋਂ ਅਤੇ ਗੁਰਮਤਿ ਕਾਲਜ ਤੋਂ ਪ੍ਰੋ ਰਾਜਵਿੰਦਰਪਾਲ ਸਿੰਘ ਕੌਲੀ, ਪ੍ਰਿੰਸੀਪਲ ਜਸਵੀਰ ਸਿੰਘ ਧੂਰਾ ਨੇ ਵਿਸ਼ੇਸ਼ ਤੌਰ |ਤੇ ਹਿੱਸਾ ਲਿਆ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਇੰਟਰਨੈਸ਼ਨਲ ਸ਼ਬਦ ਗੁਰੂ ਪ੍ਰਚਾਰ ਸਭਾ ਨਾਲ ਰਲ ਕੇ ਮਸਤੂਆਣਾ ਸਾਹਿਬ ਦੇ ਇਲਾਕੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਦੇ ਆਰੰਭੇ ਯਤਨਾਂ ਨੂੰ ਅੱਗੇ ਵਧਾਉਣ ਦਾ ਉੱਦਮ ਕੀਤਾ ਗਿਆ ਹੈ। ਦੋਹਾਂ ਸੰਸਥਾਵਾਂ ਦੇ ਤਾਲਮੇਲ ਨੂੰ ਲਗਾਤਾਰਤਾ ਦੇਣ ਲਈ ਅਜੈਬ ਸਿੰਘ ਗੱਗੜਪੁਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੌਂਸਲ ਵੱਲੋਂ ਹਰ ਸਾਲ ਲੱਗਭੱਗ 20 ਲੱਖ ਰੁਪਏ ਫੀਸਾਂ ਜਾਂ ਵਜ਼ੀਫੇ ਦੇ ਰੂਪ ਵਿੱਚ ਧਾਰਮਿਕ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੇ ਹੋਰ ਵਿਦਿਅਕ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਸੈਸ਼ਨ 2025-26 ਦੌਰਾਨ ਜੋ ਵਿਦਿਆਰਥੀ ਮਸਤੂਆਣਾ ਸਾਹਿਬ ਦੀ ਕਿਸੇ ਵੀ ਸੰਸਥਾ ਵਿੱਚ ਦਾਖਲ ਹੋਣਗੇ, ਉਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਨਿੱਤਨੇਮ ਦੀਆਂ ਬਾਣੀਆ ਕੰਠ ਹੋਣਗੀਆਂ, ਉਨ੍ਹਾਂ ਨੂੰ ਕੌਂਸਲ ਵੱਲੋਂ ਮਹੀਨਾਵਾਰ ਵਜ਼ੀਫ਼ਾ ਦਿੱਤਾ ਜਾਵੇਗਾ।
ਇਸ ਸਮੇਂ ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਗੁਰਮਤਿ ਕਾਲਜ ਵਿੱਚ 2 ਸਾਲਾ ਅਤੇ 3 ਸਾਲਾ ਗ੍ਰੰਥੀ/ਪ੍ਰਚਾਰਕ ਕੋਰਸ ਲਈ ਦਾਖ਼ਲਾ ਆਰੰਭ ਹੋ ਚੁੱਕਾ ਹੈ। ਜਿਸ ਲਈ ਯੋਗਤਾ: ਦਸਵੀਂ / ਬਾਰ੍ਹਵੀਂ ਹੈ ਅਤੇ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ, ਕਥਾ, ਗੁਰਬਾਣੀ ਅਧਿਐਨ, ਸਿੱਖ ਇਤਿਹਾਸ, ਗੁਰਮਤਿ ਫਿਲਾਸਫੀ, ਸਿੱਖ ਰਹਿਤ ਮਰਿਆਦਾ ਅਤੇ ਦੂਜੇ ਧਰਮਾਂ ਬਾਰੇ ਸੰਖੇਪ ਜਾਣਕਾਰੀ ਸ਼ਾਮਲ ਹੈ। ਮਾਸਟਰ ਕੁਲਵਿੰਦਰ ਸਿੰਘ ਸਿੰਧੜਾਂ ਨੇ ਦੱਸਿਆ ਕਿ ਇਹ ਸੰਸਥਾ 1989 ਤੋਂ ਬਿਨਾਂ ਕਿਸੇ ਬਾਹਰੀ ਮਦਦ ਦੇ, ਖ਼ੁਦ ਗੁਰੂ ਦਸਵੰਧ ਕੱਢ ਕੇ ਪਿੰਡਾਂ ਵਿੱਚ ਗੁਰਮਤਿ ਕਲਾਸਾਂ ਲਾਉਂਦੀ ਆ ਰਹੀ ਹੈ।