- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਹਿਰੀਲੀ ਵਸਤੂ ਖਾਣ ਵਾਲੇ ਗੁਲਜਾਰ ਸਿੰਘ ਦੀ ਮੌਤ, ਪੰਜ ਖਿਲਾਫ ਪਰਚਾ ਦਰਜ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ ਪੁਲਿਸ ਨੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਪਿੰਡ ਤੂਰਬੰਜਾਰਾ ਦੇ ਇੱਕ ਮਜ਼ਦੂਰ ਗੁਲਜਾਰ ਸਿੰਘ ਨੇ ਨਸ਼ੇ ਦੇ ਖ਼ਿਲਾਫ਼ ਸਵਾਲ ਪੁੱਛਣ ਦੇ ਸਬੰਧੀ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕਰਨ ਤੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲਈ ਸੀ। ਇਸ ਦੇ ਸੰਬੰਧ ਵਿੱਚ ਪਿੰਡ ਤੂਰਬੰਜਾਰਾ ਵਿਖੇ ਵੱਖ- ਵੱਖ ਸਿਆਸੀ ਪਾਰਟੀਆਂ ਅਤੇ ਮਜ਼ਦੂਰ ਜਥੇਬੰਦੀਆਂ ਦਾ ਇੱਕ ਭਾਰੀ ਇਕੱਠ ਹੋਇਆ। ਇਸ ਮਾਮਲੇ ਦੀ ਡੂੰਘੀ ਜਾਂਚ ਕਰਨ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਕਮੇਟੀ ਦਾ ਐਲਾਨ ਵੀ ਕੀਤਾ ਗਿਆ। ਇਸ ਸੰਘਰਸ਼ ਕਮੇਟੀ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ, ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਮੈਂਬਰ ਬਲਬੀਰ ਚੰਦ ਲੌਂਗੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ ਅਤੇ ਲਾਲ ਝੰਡਾ ਮਜ਼ਦੂਰ ਯੂਨੀਅਨ ਦੇ ਆਗੂ ਸ਼ਾਮਿਲ ਸਨ।
ਉਨ੍ਹਾਂ ਵੱਲੋਂ ਮੰਗ ਕੀਤੀ ਕਿ ਗੁਲਜਾਰ ਸਿੰਘ ਨੂੰ ਜ਼ਹਿਰ ਖਾਣ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਤੇ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਨੇ ਮ੍ਰਿਤਕ ਗੁਲਜਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਦੇ ਬਿਆਨਾਂ ਉੱਤੇ ਬਲਜੀਤ ਸਿੰਘ ਉਰਫ ਰਾਜ ਅਤੇ ਉਸਦੇ ਘਰਵਾਲੀ ਸਰਪੰਚ ਬਲਜਿੰਦਰ ਕੌਰ, ਸੁਖਦੇਵ ਸਿੰਘ ਉਰਫ ਸੁੱਖਾ, ਵਿੱਕੀ ਸਿੰਘ ਪੰਚਾਇਤ ਮੈਂਬਰ ਅਤੇ ਗੋਨਾ ਸਿੰਘ ਦੇ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸੰਘਰਸ਼ ਕਮੇਟੀ ਦੇ ਆਗੂ ਲਖਬੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਦੋਂ ਤੱਕ ਮ੍ਰਿਤਕ ਗੁਲਜਾਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ਕਮੇਟੀ ਵੱਲੋਂ ਅਤੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦੀ ਸਲਾਹ ਨਾਲ ਜੋ ਵੀ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਹਨ ਉਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਸ ਸਮੇਂ ਤੱਕ ਗੁਲਜਾਰ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਡੀਐਸਪੀ ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਮ੍ਰਿਤਕ ਗੁਲਜਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਦੇ ਬਿਆਨਾਂ ਤੇ ਸਰਪੰਚ ਬਲਜਿੰਦਰ ਕੌਰ ਉਸ ਦੇ ਪਤੀ ਅਤੇ ਤਿੰਨ ਹੋਰ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ। ਉਨ੍ਹਾਂ ਕਿਹਾ ਕਿ ਮ੍ਰਿਤਕ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ।ਸੰਘਰਸ਼ ਕਮੇਟੀ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਵਿਚਾਰ ਕੇ ਹੀ ਗੁਲਜਾਰ ਸਿੰਘ ਦੀ ਦੇਹ ਦਾ ਸਸਕਾਰ ਕੀਤਾ ਜਾਵੇਗਾ।