ਘਨੌਰ ਖੁਰਦ ’ਚ ਲੱਗਿਆ ਗੁੱਗਾ ਨੌਮੀ ਮੇਲਾ, ਸੰਗਤਾਂ ਹੋਈਆਂ ਨਤਮਸਤਕ ਘਨੌਰ ਖੁਰਦ ’ਚ ਲੱਗਿਆ ਗੁੱਗਾ ਨੌਮੀ ਮੇਲਾ, ਸੰਗਤਾਂ ਹੋਈਆਂ ਨਤਮਸਤਕ
Publish Date: Sun, 20 Sep 2026 03:50 PM (IST)
Updated Date: Mon, 21 Sep 2026 04:03 AM (IST)
ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਘਨੌਰ ਖੁਰਦ ਵਿਖੇ ਗੁੱਗਾ ਨੌਮੀ ਦਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਬਾਬਾ ਗੁੱਗਾ ਜਾਹਰ ਪੀਰ ਦੇ ਸਥਾਨ ’ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਪ੍ਰਗਟਾਈ। ਮੇਲੇ ਦੌਰਾਨ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਮੇਲੇ ਦੀਆਂ ਰੌਣਕਾਂ ਨਾਲ ਭਰਿਆ ਰਿਹਾ। ਸੰਗਤਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਮਿੱਟੀ ਕੱਢਣ ਦੀ ਰਸਮ ਵਿੱਚ ਸ਼ਮੂਲੀਅਤ ਕੀਤੀ ਗਈ। ਸ਼ਰਧਾਲੂਆਂ ਨੇ ਬਾਬਾ ਗੁੱਗਾ ਜਾਹਰ ਪੀਰ ਦੇ ਸਥਾਨ ’ਤੇ ਮੱਥਾ ਟੇਕਿਆ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਮੇਲੇ ਦਾ ਇੱਕ ਹੋਰ ਵਿਸ਼ੇਸ਼ ਆਕਰਸ਼ਣ ਬੱਚਿਆਂ ਲਈ ਲੱਗੇ ਵੱਖ-ਵੱਖ ਕਿਸਮ ਦੇ ਝੂਲੇ ਰਹੇ। ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਝੂਲਿਆਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਮੇਲੇ ਵਿੱਚ ਮਠਿਆਈਆਂ, ਪਕੌੜਿਆਂ ਅਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ, ਜਿੱਥੇ ਲੋਕਾਂ ਦੀ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ। ਮੇਲੇ ਨੇ ਪਿੰਡ ਦੇ ਪੁਰਾਣੇ ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਝਲਕ ਵੀ ਪੇਸ਼ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਥਾਨ ’ਤੇ ਪਹਿਲਾਂ ਵੀ ਮੇਲਾ ਕਰਵਾਇਆ ਜਾ ਚੁੱਕਾ ਹੈ ਅਤੇ ਗੁੱਗਾ ਨੌਮੀ ਮੌਕੇ ਹਰ ਸਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ। ਮੇਲੇ ਦੇ ਦਿਨਾਂ ਦੌਰਾਨ ਕਬੀਸਰੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਬਾਬਾ ਗੁੱਗਾ ਜਾਹਰ ਪੀਰ ਦੇ ਜੀਵਨ, ਲੋਕ-ਮਾਨਤਾਵਾਂ ਅਤੇ ਇਤਿਹਾਸ ਨਾਲ ਸਬੰਧਤ ਪ੍ਰਸੰਗ ਸੰਗਤਾਂ ਨਾਲ ਸਾਂਝੇ ਕੀਤੇ ਗਏ। ਪ੍ਰਬੰਧਕ ਕਮੇਟੀ ਦੇ ਆਗੂ ਨਿਰਮਲ ਸਿੰਘ ਸਾਬਕਾ ਸਰਪੰਚ, ਕਾਲਾ ਸਿੰਘ, ਗੁਰਜੰਟ ਸਿੰਘ,ਨਾਜਰ ਸਿੰਘ ਪੰਚ, ਬਲਵਿੰਦਰ ਸਿੰਘ, ਸਰਪੰਚ ਅਮਨ ਸਿੰਘ,ਗੁਰਚਰਨ ਸਿੰਘ ਸਰਪੰਚ ਸਾਬਕਾ, ਵੀਰ ਚੰਦ ਸਟੇਜ ਸੈਕਟਰੀ, ਸਮੂਹ ਗਰਾਂਮ ਪੰਚਾਇਤ ਵੱਲੋਂ ਮੇਲੇ ਵਿੱਚ ਪਹੁੰਚੀਆਂ ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਨੇ ਕਿਹਾ ਕਿ ਅਜਿਹੇ ਮੇਲੇ ਪੁਰਾਤਨ ਰਵਾਇਤਾਂ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਆਪਸੀ ਮਿਲਵਰਤਣ ਅਤੇ ਸਾਂਝ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ।