ਜੀਐੱਸਟੀ ਇੰਸਪੈਕਟਰ ਸੰਦੀਪ ਗਰਗ ਸਨਮਾਨਿਤ ਐਸਯੂਐਸ ਅਕੈਡਮੀ ਸਤੌਜ ਵਿਖ਼ੇ ਜੀਐੱਸਟੀ ਇੰਸਪੈਕਟਰ ਸੰਦੀਪ ਗਰਗ ਸਨਮਾਨਿਤ
Publish Date: Sat, 24 Oct 2026 03:53 PM (IST)
Updated Date: Sat, 24 Oct 2026 03:55 PM (IST)
ਅਕੈਡਮੀ ਚ ਪੜ੍ਹੇ ਇੰਸਪੈਕਟਰ ਗਰਗ ਨੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤਜ਼ਰਬੇ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਤੋਂ ਪੜ੍ਹਾਈ ਕਰਕੇ ਉਚ ਕਾਮਯਾਬੀ ਹਾਸਲ ਕਰਨ ਵਾਲੇ ਸੰਦੀਪ ਗਰਗ ਪੁੱਤਰ ਅਸ਼ੋਕ ਕੁਮਾਰ ਵਾਸੀ ਸਤੌਜ ਅਕੈਡਮੀ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਏ, ਜਿੰਨਾ ਨੇ ਅਕੈਡਮੀ ਪ੍ਰਬੰਧਕਾਂ ਅਤੇ ਸਟਾਫ ਨਾਲ ਗੱਲਬਾਤ ਕਰਦਿਆਂ ਆਪਣੀ ਸਫ਼ਲਤਾ ਦਾ ਸਿਹਰਾ ਸੰਸਥਾ ਦੇ ਮਿਹਨਤੀ ਸਟਾਫ਼ ਨੂੰ ਦਿੱਤਾ। ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਸੰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਤੋਂ ਸੈਸ਼ਨ 2016-17 ਦੌਰਾਨ ਦਸਵੀਂ ਜਮਾਤ ਪਾਸ ਕਰਕੇ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜਾਰੀ ਰੱਖੀ। ਆਪਣੀ ਮਿਹਨਤ ਅਤੇ ਲਗਨ ਸਦਕਾ ਉਨ੍ਹਾਂ ਨੇ ਜੀਐੱਸਟੀ ਇੰਸਪੈਕਟਰ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਆਲ ਇੰਡੀਆ ਪੱਧਰ ’ਤੇ ਲੱਗਭੱਗ 30 ਲੱਖ ਉਮੀਦਵਾਰਾਂ ਚੋਂ 572ਵਾਂ ਰੈਂਕ ਹਾਸਲ ਕਰਕੇ ਇਹ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਸੰਦੀਪ ਗਰਗ ਨੇ ਆਪਣੀ ਇਸ ਪ੍ਰਾਪਤੀ ਲਈ ਅਕੈਡਮੀ ਦੇ ਮਿਹਨਤੀ ਅਧਿਆਪਕਾਂ, ਸਟਾਫ਼ ਅਤੇ ਅਕੈਡਮੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਇੰਸਪੈਕਟਰ ਸੰਦੀਪ ਗਰਗ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਅਕੈਡਮੀ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਗਰਗ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਚਾਰ ਖੇਤਰਾਂ ਦੀ ਜੀਐੱਸਟੀ ਇੰਸਪੈਕਟਰ ਵਜੋਂ ਜ਼ਿੰਮੇਵਾਰੀ ਮਿਲੀ ਹੈ। ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰ ਰਹੇ ਹਨ। ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਪ੍ਰਬੰਧਕ ਰਾਜ ਕੁਮਾਰ ਚੀਮਾ, ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਮੌਜੂਦ ਸਨ।