ਸ਼੍ਰੀਮਦਭਾਗਵਤ ਕਥਾ ਤੋਂ ਪਹਿਲਾਂ ਕੱਢੀ ਕਲਸ਼ ਤੇ ਪਾਲਕੀ ਯਾਤਰਾ ਸ੍ਰੀਮਦਭਾਗਵਤ ਕਥਾ ਤੋਂ ਪਹਿਲਾਂ ਬਰਨਾਲਾ 'ਚ ਕੱਢੀ ਭਵਿਆ ਕਲਸ਼ ਤੇ ਪਾਲਕੀ ਯਾਤਰਾ
Publish Date: Sun, 27 Sep 2026 05:37 PM (IST)
Updated Date: Mon, 28 Sep 2026 04:04 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸ਼੍ਰੀ ਸ਼ਿਰਡੀ ਸਾਈਂ ਦਰਬਾਰ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਸ੍ਰੀਮਦਭਾਗਵਤ ਕਥਾ ਗਿਆਨ ਯੱਗ ਮਹੋਤਸਵ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹਿਰ ਚ ਇੱਕ ਵਿਸ਼ਾਲ ਕਲਸ਼ ਤੇ ਪਾਲਕੀ ਯਾਤਰਾ ਕੱਢੀ ਗਈ। ਇਹ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਰੇਲਵੇ ਸਟੇਸ਼ਨ ਤੋਂ ਆਰੰਭ ਹੋ ਕੇ ਸਦਰ ਬਾਜ਼ਾਰ ਤੇ ਕੱਚਾ ਕਾਲਜ ਰੋਡ ਤੋਂ ਹੁੰਦੀ ਹੋਈ 16 ਏਕੜ ਸਥਿਤ ਸ੍ਰੀ ਸਾਈਂ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਯਾਤਰਾ ਦੇ ਪੂਰੇ ਮਾਰਗ ਦੌਰਾਨ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ। ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਮੰਦਰ ਪਰਿਸਰ ਚ ਧਾਰਮਿਕ ਰਸਮਾਂ ਪੂਰੀ ਸ਼ਰਧਾ ਨਾਲ ਨਿਭਾਈਆਂ ਗਈਆਂ। ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਭਦੌੜੀਆ ਨੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ, ਜਦਕਿ ਸਚਿਨ ਸੂਦ ਨੇ ਭਾਗਵਤ ਪੂਜਨ ਤੇ ਮੱਖਣ ਸ਼ਰਮਾ ਨੇ ਨਾਰੀਅਲ ਤੋੜਨ ਦੀ ਰਸਮ ਨਿਭਾਈ। ਇਸ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਪਰਮਿੰਦਰ ਭੰਗੂ, ਯਾਦਵਿੰਦਰ ਬਿੱਟੂ ਤੇ ਯਾਦਵਿੰਦਰ ਸ਼ੈਂਟੀ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦਿਖਾ ਕੇ ਯਾਤਰਾ ਨੂੰ ਰਵਾਨਾ ਕੀਤਾ। ਇਸ ਕਲਸ਼ ਯਾਤਰਾ ਚ ਵੱਡੀ ਗਿਣਤੀ ਚ ਮਹਿਲਾਵਾਂ ਅਤੇ ਸ਼ਰਧਾਲੂਆਂ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਟਰੱਸਟ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਤੇ ਵਾਈਸ ਚੇਅਰਮੈਨ ਅਸ਼ਵਨੀ ਮਦਾਨ ਨੇ ਦੱਸਿਆ ਕਿ 2 ਅਕਤੂਬਰ ਤੱਕ ਰੋਜ਼ਾਨਾ ਸ਼ਾਮ 4:00 ਵਜੇ ਤੋਂ 6:30 ਵਜੇ ਤੱਕ ਪੰਡਿਤ ਸੂਰਯਕਾਂਤ ਸ਼ਾਸਤਰੀ ਜੀ ਸ੍ਰੀਮਦਭਾਗਵਤ ਕਥਾ ਦਾ ਵਾਚਨ ਕਰਨਗੇ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ 7:00 ਵਜੇ ਪੂਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਪੂਰਨਾਹੁਤੀ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਜਾਵੇਗਾ।