- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਰੋਜ਼ਾ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼

ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਉਦਘਾਟਨ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦਾ 4-ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ-2026 ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਪੂਰੇ ਜੋਸ਼, ਉਤਸ਼ਾਹ ਅਤੇ ਰੰਗਾਰੰਗ ਵੰਨਗੀਆਂ ਨਾਲ ਸ਼ੁਰੂ ਹੋ ਗਿਆ। ਇਹ ਮੇਲਾ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਕੀਤਾ ਗਿਆ ਹੈ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸਮੁੱਚੀ ਮੈਨੇਜਮੈਂਟ ਦੇ ਸੁਚੱਜੇ ਪ੍ਰਬੰਧਾਂ ਹੇਠ ਕਰਵਾਏ ਇਸ ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਸਮਾਗਮ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ, ਅਦਾਕਾਰ ਕਰਮਜੀਤ ਅਨਮੋਲ, ਅਮਨਵੀਰ ਸਿੰਘ ਚੈਰੀ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਉਦਘਾਟਨੀ ਭਾਸ਼ਣ ਦੌਰਾਨ ਡਾ. ਭੀਮਇੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕਾਲਜ ਨੇ ਲਗਾਤਾਰ ਤੀਜੀ ਵਾਰ ਖੇਤਰੀ ਯੁਵਕ ਮੇਲੇ ਦੀ ਮੇਜ਼ਬਾਨੀ ਕਰਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਾਲਜ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਵਿਦਿਆਰਥੀਆਂ ਨੂੰ ਆਪਣਾ ਅੰਦਰੂਨੀ ਹੁਨਰ ਪਛਾਣਨ ਦਾ ਸੁਚੱਜਾ ਮੰਚ ਪ੍ਰਦਾਨ ਕਰਦੇ ਹਨ।
ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਜਦੋਂ ਉਹ ਸੁਨਾਮ ਕਾਲਜ 'ਚ ਪੜ੍ਹਦੇ ਸਨ ਤਾਂ ਜ਼ੋਨ ’ਚ ਭੰਗੜੇ ਦੀਆਂ 10-12 ਟੀਮਾਂ ਹੁੰਦੀਆਂ ਸਨ, ਪਰ ਅੱਜ ਮੇਲੇ ’ਚ ਸਿਰਫ਼ ਇੱਕ ਹੀ ਭੰਗੜਾ ਟੀਮ ਦਾ ਭਾਗ ਲੈਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਜੋਕੇ ਯੁਵਕਾਂ ਦੇ ਲੋਕ ਨਾਚਾਂ ਤੋਂ ਮੋਹ ਭੰਗ ਹੋਣ ’ਤੇ ਗੰਭੀਰ ਚਿੰਤਾ ਪ੍ਰਗਟਾਈ।
ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ, ਕਾਲਜ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਦਾ ਧੰਨਵਾਦੀ ਸਵਾਗਤ ਕੀਤਾ। ਮੇਲੇ ਦੇ ਪਹਿਲੇ ਦਿਨ ਗਰੁੱਪ ਸ਼ਬਦ, ਭੰਗੜਾ, ਮਾਈਮ, ਸਕਿੱਟ, ਸਮੂਹ ਗਾਇਨ/ਭਜਨ, ਕਲਾਸੀਕਲ ਵੋਕਲ, ਸੁਗਮ ਸੰਗੀਤ (ਗੀਤ ਤੇ ਗ਼ਜ਼ਲ), ਸਮੂਹ ਗਾਇਨ (ਭਾਰਤੀ), ਕਲਚਰਲ ਤੇ ਪੰਜਾਬੀ ਲੋਕਧਾਰਾ ਕੁਇਜ਼ ਅਤੇ ਵੱਖ-ਵੱਖ ਲੋਕ ਕਲਾਵਾਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਾਬਕਾ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਬਾਲੀਆਂ, ਯੂਥ ਕੋ-ਆਰਡੀਨੇਟਰ ਡਾ. ਹਰਜਿੰਦਰ ਸਿੰਘ, ਡਾਇਰੈਕਟਰ ਮੇਜਰ ਸਿੰਘ ਚੱਠਾ, ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਡਾਇਰੈਕਟਰ ਨਿਰਪਜੀਤ ਸਿੰਘ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਗੁਰਵੀਰ ਸਿੰਘ, ਪ੍ਰਿੰਸੀਪਲ ਡਾ. ਵਿਜੇ ਪਲਾਹਾ ਅਤੇ ਪ੍ਰੋ. ਜਤਿੰਦਰ ਦੇਵ ਹਾਜ਼ਰ ਸਨ।