- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਰਾਹਤ ਫੈਸਲਿਆਂ ਦਾ ਡਾ. ਰਮੇਸ਼ ਗੋਇਲ ਵੱਲੋਂ ਸਵਾਗਤ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਐਲਆਰਐਲ ਬਿਲਡਰਜ਼ ਐਂਡ ਪ੍ਰਮੋਟਰਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਰਮੇਸ਼ ਗੋਇਲ ਨੇ ਮਲੋਆ ਵਿਖੇ ਕਰਵਾਏ ਗਏ ਜਨਹਿੱਤ ਅਤੇ ਵਿਕਾਸ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਰਿਹਾਇਸ਼ੀ ਮਸਲਿਆਂ ਦੇ ਹੱਲ ਲਈ ਕੀਤੇ ਗਏ ਐਲਾਨਾਂ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲੇ ਲੰਮੇ ਸਮੇਂ ਤੋਂ ਰਾਹਤ ਦੀ ਉਡੀਕ ਕਰ ਰਹੇ ਹਜ਼ਾਰਾਂ ਪਰਿਵਾਰਾਂ ਦੀਆਂ ਉਮੀਦਾਂ ਨਾਲ ਜੁੜੇ ਹੋਏ ਹਨ ਅਤੇ ਆਮ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੇ ਹਨ।
ਡਾ. ਗੋਇਲ ਨੇ ਕਿਹਾ ਕਿ ਪੁਨਰਵਾਸ ਕਾਲੋਨੀਆਂ ਦੇ ਯੋਗ ਅਲਾਟੀਆਂ ਨੂੰ ਫ੍ਰੀਹੋਲਡ ਹੱਕ ਦੇਣਾ, ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸਾਂ ਦਾ ਮਹੀਨਾਵਾਰ ਕਿਰਾਇਆ ਘਟਾ ਕੇ 800 ਰੁਪਏ ਕਰਨਾ, ਵਿਆਜ ਵਿੱਚ ਇਕਮੁਸ਼ਤ ਛੋਟ ਦੇਣਾ ਅਤੇ ਯੋਗ ਮਾਮਲਿਆਂ ਵਿੱਚ ਜੀਪੀਏ/ਐੱਸਪੀਏ ਟ੍ਰਾਂਸਫਰ ਨੀਤੀ ਮੁੜ ਲਾਗੂ ਕਰਨਾ ਬੇਹੱਦ ਅਹਿਮ ਫੈਸਲੇ ਹਨ। ਇਨ੍ਹਾਂ ਨਾਲ ਨਾ ਸਿਰਫ਼ ਲੋਕਾਂ ਨੂੰ ਆਰਥਿਕ ਰਾਹਤ ਮਿਲੇਗੀ, ਸਗੋਂ ਉਨ੍ਹਾਂ ਦੇ ਰਿਹਾਇਸ਼ੀ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਬਣੀ ਅਨਿਸ਼ਚਿਤਤਾ ਵੀ ਘਟੇਗੀ।
ਉਨ੍ਹਾਂ ਕਿਹਾ ਕਿ ਘਰ ਕਿਸੇ ਵੀ ਪਰਿਵਾਰ ਲਈ ਸਿਰਫ਼ ਜਾਇਦਾਦ ਨਹੀਂ, ਸਗੋਂ ਸੁਰੱਖਿਆ, ਸਥਿਰਤਾ ਅਤੇ ਭਵਿੱਖ ਦੀਆਂ ਉਮੀਦਾਂ ਦਾ ਆਧਾਰ ਹੁੰਦਾ ਹੈ। ਇਸ ਲਈ ਲੋਕਾਂ ਦੀਆਂ ਰਿਹਾਇਸ਼ੀ ਸਮੱਸਿਆਵਾਂ ਨੂੰ ਸਮਝਦਿਆਂ ਲਏ ਗਏ ਫੈਸਲੇ ਸੱਚੇ ਅਰਥਾਂ ਵਿੱਚ ਲੋਕ-ਪੱਖੀ ਹਨ।
ਰੀਅਲ ਅਸਟੇਟ ਖੇਤਰ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਾ. ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਡਿਵੈਲਪਰਾਂ ਦੀ ਜ਼ਿੰਮੇਵਾਰੀ ਸਿਰਫ਼ ਇਮਾਰਤਾਂ ਦੀ ਉਸਾਰੀ ਤੱਕ ਸੀਮਤ ਨਹੀਂ ਰਹੀ। ਆਧੁਨਿਕ ਸ਼ਹਿਰੀ ਵਿਕਾਸ ਲਈ ਅਜਿਹੇ ਪ੍ਰੋਜੈਕਟਾਂ ਦੀ ਲੋੜ ਹੈ, ਜੋ ਕਾਰੋਬਾਰ ਨੂੰ ਨਵੇਂ ਮੌਕੇ ਪ੍ਰਦਾਨ ਕਰਨ, ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਸ਼ਹਿਰ ਦੀ ਆਰਥਿਕ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਐੱਲਆਰਐੱਲ ਬਿਲਡਰਜ਼ ਐਂਡ ਪ੍ਰਮੋਟਰਜ਼ ਵੀ ਟ੍ਰਾਈਸਿਟੀ ਦੇ ਕਮਰਸ਼ੀਅਲ ਰੀਅਲ ਅਸਟੇਟ ਖੇਤਰ ਵਿੱਚ ਇਸੇ ਦੂਰਅੰਦੇਸ਼ੀ ਸੋਚ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਰਿਹਾ ਹੈ।
ਅੰਤ ਵਿੱਚ ਡਾ. ਰਮੇਸ਼ ਗੋਇਲ ਨੇ ਕਿਹਾ ਕਿ ਰਿਹਾਇਸ਼ੀ ਮਸਲਿਆਂ ਨਾਲ ਜੁੜੇ ਇਨ੍ਹਾਂ ਐਲਾਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿੱਚ ਵਿਕਾਸ ਦੇ ਨਾਲ-ਨਾਲ ਆਮ ਨਾਗਰਿਕ ਦੀਆਂ ਰੋਜ਼ਾਨਾ ਲੋੜਾਂ ਅਤੇ ਆਰਥਿਕ ਹਿੱਤਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਲੋਕ-ਹਿਤੈਸ਼ੀ ਫੈਸਲੇ ਲੈਣ ਲਈ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।