- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਝੋਟੇ ਦੀ ਹੱਤਿਆ ਦੇ ਵਿਰੋਧ ਵਿੱਚ ਫੂਕੀ ਸਰਕਾਰ ਦੀ ਅਰਥੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅੱਜ ਸਥਾਨਕ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਸਥਾਨਕ ਮੰਦਰ ਚੌਕ ਵਿਖੇ ਸਰਕਾਰ ਦੀ ਅਰਥੀ ਸਾੜਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਫੀ ਸਾਲਾਂ ਤੋਂ ਨਸ਼ਿਆਂ ਦਾ ਬੋਲ ਬਾਲਾ ਹੈ। ਹਰੇਕ ਘਰ ਵਿੱਚ ਨਸ਼ਾ ਪਹੁੰਚ ਰਿਹਾ ਹੈ ਕੋਈ ਵੀ ਪਿੰਡ ਅਜਿਹਾ ਨਹੀਂ ਹੈ ਜਿੱਥੇ ਚਿੱਟਾ ਜਾਂ ਨਸ਼ੀਲੀਆਂ ਗੋਲੀਆਂ, ਕੈਪਸੂਲ ਨਹੀਂ ਵਿਕ ਰਹੇ, ਪ੍ਰੰਤੂ ਪੰਜਾਬ ਸਰਕਾਰ ‘ਯੁੱਧ ਨਸਿਆਂ ਵਿਰੁੱਧ’ ਦਾ ਫੋਕਾ ਨਾਅਰਾ ਲਾ ਕੇ ਵਾਹ-ਵਾਹ ਖੱਟਣਾ ਚਾਹੁੰਦੀ ਹੈ। ਇਨਾ ਨਸ਼ਿਆਂ ਨੂੰ ਰੋਕਣ ਲਈ ਹੀ ਪਰਵਿੰਦਰ ਸਿੰਘ ਝੋਟੇ ਦੀ ਨਸ਼ਾ ਵੇਚਣ ਵਾਲੇ ਸਮਗਲਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜੋ ਕਿ ਬਹੁਤ ਨਿੰਦਣ ਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਮਾਰਨ ਉਪਰੰਤ ਦੁਕਾਨ ਦਾ ਮਾਲਕ ਅਸ਼ਵਨੀ 15 ਮਿੰਟ ਬਾਅਦ ਦੁਕਾਨ ਬੰਦ ਕਰਕੇ ਗਿਆ ਜਦੋਂ ਕਿ ਪੁਲਿਸ ਥਾਣਾ ਉਥੋਂ ਮਹਿਜ ਕੁਝ ਹੀ ਦੂਰੀ ਤੇ ਹੈ ਪ੍ਰੰਤੂ ਪੁਲਿਸ ਦੀ ਮਿਲੀ ਭੁਗਤ ਕਾਰਨ ਉਸ ਨੂੰ ਭੱਜਣ ਲਈ ਛੋਟ ਦੇ ਦਿੱਤੀ ਗਈ। ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ ਨੇ ਕਿਹਾ ਕਿ ਇਹ ਜੋ ਚਿੱਟਾ ਹੈ ਇਹ ਪੰਜ-ਸੱਤ ਹਜ਼ਾਰ ਰੁਪਏ ਪ੍ਰਤੀ ਕਿਲੋ ਵਿੱਚ ਤਿਆਰ ਹੁੰਦਾ ਹੈ ਪ੍ਰੰਤੂ ਪੰਜਾਬ ਵਿੱਚ ਆ ਕੇ ਪੰਜ ਕਰੋੜ ਰੁਪਏ ਪ੍ਰਤੀ ਕਿੱਲੋ ਵਿਕਦਾ ਹੈ। ਜਿਸ ਨਾਲ ਸਮੱਗਲਰਾਂ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ, ਪ੍ਰੰਤੂ ਪੁਲਿਸ ਮਾੜਾ ਮੋਟਾ ਖਾਣ ਵਾਲਿਆਂ ਨੂੰ ਹੀ ਫੜ ਕੇ ਪਰਚਿਆਂ ਦੀ ਗਿਣਤੀ ਵਧਾ ਰਹੀ ਹੈ। ਇਸ ਮੌਕੇ ਦਰਸ਼ਨ ਸਿੰਘ ਜਵਾਹਰਵਾਲਾ, ਬਲਾਕ ਆਗੂ ਜਸਵਿੰਦਰ ਕੌਰ ਖੋਖਰ, ਪਰਮਜੀਤ ਕੌਰ ਭਟਾਲ, ਰਾਮਚੰਦ ਚੋਟੀਆਂ, ਸ਼ਿਵਰਾਜ ਗੁਰਨੇ, ਹਰਸੇਵਕ ਸਿੰਘ ਲੇਹਲ, ਰਾਮ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ ਅਤੇ ਨਿੱਕਾ ਸਿੰਘ ਸੰਗਤੀਵਾਲਾ ਮੌਜੂਦ ਸਨ।