- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਝੋਨੇ ਦੀ ਖਰੀਦ ਸ਼ੁਰੂ ਪਰ ਮੰਡੀਆਂ ’ਚ ਸੁੰਨਸਾਨ

ਪਰੇਸ਼ਾਨੀ ਤੋਂ ਬਚਣ ਲਈ ਕਿਸਾਨ ਸੁੱਕੀ ਫਸਲ ਲਿਆਉਣ : ਐੱਸਡੀਐੱਮ
ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਸਰਕਾਰ ਵੱਲੋਂ ਬੇਸ਼ੱਕ ਸਰਕਾਰੀ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪ੍ਰੰਤੂ ਅਨਾਜ ਮੰਡੀਆਂ ਸੁੰਨਸਾਨ ਹਨ, ਮਾਰਕੀਟ ਕਮੇਟੀ ਲਹਿਰਾਗਾਗਾ ਨਾਲ ਜੁੜੀਆਂ ਅਨਾਜ ਮੰਡੀਆਂ ਲਹਿਲ ਕਲਾਂ, ਭੁਟਾਲ ਕਲਾਂ, ਕਾਲਬੰਜਾਰਾ, ਖੋਖਰ, ਬਖੋਰਾ ਕਲਾਂ ਮੰਡੀਆਂ ਵਿੱਚ ਹਾਲੇ ਤੱਕ ਝੋਨੇ ਦੀ ਇੱਕ ਵੀ ਢੇਰੀ ਨਹੀਂ ਆਈ, ਇੱਥੋਂ ਤੱਕ ਕਿ ਅਜੇ ਤੱਕ ਮਜ਼ਦੂਰ ਜਾਂ ਆੜ੍ਹਤੀਏ ਵੀ ਮੰਡੀਆਂ ਵਿੱਚ ਨਹੀਂ ਪਹੁੰਚੇ, ਨਾਂ ਹੀ ਕਿਸੇ ਦੇ ਟੈਂਟ ਵਗੈਰਾ ਲੱਗੇ ਹੋਏ ਹਨ ਅਤੇ ਨਾ ਹੀ ਪਾਵਰ ਕਲੀਨਰ ਦਿੱਖਦੇ ਹਨ।
ਇਸ ਸਬੰਧੀ ਕਿਸਾਨ ਬਲਜਿੰਦਰ ਸਿੰਘ ਪੰਚ ਖੰਡੇਬਾਦ, ਪਾਲ ਸਿੰਘ ਲਹਿਲ ਕਲਾਂ, ਗੁਰਤੇਜ ਸਿੰਘ ਸਰਪੰਚ ਖੰਡੇਬਾਦ, ਰਾਮ ਸਿੰਘ ਸਰਪੰਚ ਖੋਖਰ, ਅਜੈਬ ਸਿੰਘ ਲਹਿਲ ਕਲਾਂ, ਮੁਖਤਿਆਰ ਸਿੰਘ, ਗੁਰਜੰਟ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਪਛੇਤੀ ਬਾਰਿਸ਼ ਪੈਣ ਕਾਰਨ ਝੋਨੇ ਦੀ ਫਸਲ ਮੰਡੀਆਂ ਵਿੱਚ 10 -12 ਅਕਤੂਬਰ ਤੋਂ ਪਹਿਲਾਂ ਨਹੀਂ ਪਹੁੰਚਦੀ। ਜਦਕਿ ਅਗੇਤੀ ਬਾਸਮਤੀ ਝੋਨੇ ਦੀ 1509 ਫਸਲ ਹੀ ਦੀ ਟਾਮੀ ਟਾਵੀ ਢੇਰੀ ਮੰਡਿਆਂ ਵਿੱਚ ਆ ਰਹੀ ਹੈ, ਜਿਹਦਾ ਕਿਸਾਨਾਂ ਨੂੰ ਭਾਅ ਵੀ ਲਾਹੇਵੰਦ 4500 ਰੁਪਏ ਕੁਇੰਟਲ ਦੇ ਕਰੀਬ ਮਿਲ ਰਿਹਾ ਹੈ। ਕਿਸਾਨਾਂ ਨੇ ਉਮੀਦ ਜਤਾਈ ਕਿ ਇਸ ਵਾਰ ਪੀਆਰ ਪਰਮਲ ਬਾਸਮਤੀ ਝੋਨੇ ਦਾ ਝਾੜ ਵੀ ਵਧੀਆ ਰਹਿਣ ਦੀ ਸੰਭਾਵਨਾ ਹੈ, ਮਾਰਕੀਟ ਕਮੇਟੀ ਲਹਿਰਾ ਨਾਲ ਜੁੜੀਆਂ ਬਹੁਤੀਆਂ ਮੰਡੀਆਂ ਵਿੱਚ ਸਫਾਈ ਹੋ ਚੁੱਕੀ ਹੈ ਅਤੇ ਕਈ ਮੰਡੀਆਂ ਵਿੱਚ ਅਜੇ ਸਫਾਈ ਨਹੀਂ ਹੋਈ ਅਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਪਰਚੇਜ ਸੈਂਟਰਾਂ ਵਿੱਚ ਹੋਇਆ ਹੈ।
ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਲਾਈਟਾਂ ਇਸ ਲਈ ਪਹਿਲਾਂ ਨਹੀਂ ਲਾਈਆਂ ਜਾਂਦੀਆਂ ਕਿ ਫਲੱਡ ਲਾਈਟਾਂ ਚੋਰੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ, ਜਦੋਂ ਹੀ ਮੰਡੀਆਂ ਵਿੱਚ ਮਜ਼ਦੂਰ ਅਤੇ ਆੜ੍ਹਤੀ ਪਹੁੰਚਣਗੇ ਉਸੇ ਦਿਨ ਹੀ ਲਾਈਟਾਂ ਲਾ ਦਿੱਤੀਆਂ ਜਾਣਗੀਆਂ ਅਤੇ ਜਿੱਥੇ ਕਿਤੇ ਸਫਾਈ ਨਹੀਂ ਹੋਈ ਉੱਥੇ ਵੀ ਪੰਜ- ਚਾਰ ਦਿਨਾਂ ਦੇ ਵਿੱਚ ਸਫਾਈ ਕਰਵਾ ਦਿੱਤੀ ਜਾਵੇਗੀ
ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਕੰਬਾਈਨ ਮਾਲਕਾਂ ਨੂੰ ਕਿਹਾ ਕਿ ਉਹ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨ ਨਾ ਚਲਾਉਣ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਵੀ ਕੰਬਾਇਨ ਨਾ ਚਲਾਈ ਜਾਵੇ ਇਸ ਨਾਲ ਝੋਨੇ ਵਿੱਚ ਸਿਲ ਬਣ ਜਾਂਦੀ ਹੈ ਜਿਸ ਨਾਲ ਕਿ ਫਸਲ ਵਿਕਣ ਵਿੱਚ ਕਿਸਾਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ, ਉਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਝੋਨੇ ਦੀ ਫਸਲ ਸੁੱਕੀ ਮੰਡੀਆਂ ਵਿੱਚ ਲਿਆਂਦੀ ਜਾਵੇ ਤਾਂ ਜੋ ਨਾਲ ਦੀ ਨਾਲ ਬੋਲੀ ਲੱਗਣ ਉਪਰੰਤ ਤੁਲਾਈ ਕੀਤੀ ਜਾ ਸਕੇ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਕਿਸਾਨ ਝੋਨੇ ਦੀ ਫਸਲ ਸੁੱਕੀ ਹੀ ਕੱਟਣ ਤਾਂ ਜੋ ਸ਼ਾਮ ਦੀ ਸ਼ਾਮ ਬੋਲੀ ਲੱਗਣ ਸਾਰ ਉਹਨਾਂ ਦੀ ਫਸਲ ਤੁਲ ਸਕੇ ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਦਾਇਗੀ ਵੀ ਨਾਲ ਦੀ ਨਾਲ ਹੀ ਕੀਤੀ ਜਾਵੇਗੀ। ਹਾਲੇ ਝੋਨੇ ਦੀ ਫਸਲ ਦਸ ਦਿਨਾਂ ਤੱਕ ਆਵੇਗੀ। ਫਸਲ ਆਉਣ ਤੋਂ ਪਹਿਲਾਂ ਪਹਿਲਾਂ ਮੰਡੀਆਂ ਵਿੱਚ ਲਾਈਟਾਂ, ਪਾਣੀ, ਸਾਫ ਸਫਾਈ ਦੇ ਪ੍ਰਬੰਧ ਬਿਲਕੁਲ ਮੁਕੰਮਲ ਕਰ ਦਿੱਤੇ ਜਾਣਗੇ।