ਬਾਸਮਤੀ ਦਾ ਚੰਗਾ ਝਾੜ, ਵਧੀਆ ਭਾਅ, ਕਿਸਾਨਾਂ ਦੇ ਚਿਹਰੇ ਖਿੜ੍ਹੇ ਬਾਸਮਤੀ ਦਾ ਚੰਗਾ ਝਾੜ, ਵਧੀਆ ਭਾਅ, ਕਿਸਾਨਾਂ ਦੇ ਚਿਹਰੇ ਖਿੜੇ
Publish Date: Thu, 24 Sep 2026 03:54 PM (IST)
Updated Date: Fri, 25 Sep 2026 04:00 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਹੈ। 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ। ਇਸ ਦੌਰਾਨ ਸਥਾਨਕ ਅਨਾਜ ਮੰਡੀ ਵਿੱਚ ਕੁਝ ਕਿਸਾਨ ਬਾਸਮਤੀ ਝੋਨਾ ਲੈ ਕੇ ਪਹੁੰਚਣ ਲੱਗ ਪਏ ਹਨ। ਇਸ ਵਾਰ ਬਾਸਮਤੀ ਦਾ ਜਿੱਥੇ ਚੰਗਾ ਝਾੜ ਨਿਕਲਿਆ ਹੈ, ਉੱਥੇ ਹੀ ਕਿਸਾਨਾਂ ਨੂੰ ਇਸਦੇ ਭਾਅ ਵੀ ਚੰਗੇ ਮਿਲ ਰਹੇ ਹਨ। ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵਿਖਾਈ ਦੇ ਰਹੀ ਹੈ। ਨੇੜ੍ਹਲੇ ਪਿੰਡ ਭਿੰਡਰਾ ਤੋਂ ਸਥਾਨਕ ਅਨਾਜ ਮੰਡੀ ਪਹੁੰਚੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤ ਦੇ ਦੋ ਏਕੜ ਵਿੱਚ ਬਾਸਮਤੀ ਦੀ ਬਿਜਾਈ ਕੀਤੀ ਸੀ, ਜਿਸ ਦੀ ਚੰਗੀ ਪੈਦਾਵਾਰ ਹੋਈ ਹੈ। ਉਸ ਦੀ ਬਾਸਮਤੀ ਦੀ ਢੇਰੀ ਦਾ ਭਾਅ 4270 ਰੁਪਏ ਪ੍ਰਤੀ ਕੁਇੰਟਲ ਤੱਕ ਤੈਅ ਹੋਇਆ ਹੈ, ਜੋ ਉਸ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਲਾਈਆਂ ਹੋਰ ਝੋਨੇ ਦੀਆਂ ਕਿਸਮਾਂ ਨੂੰ ਪੱਕਣ ਵਿੱਚ ਹਾਲੇ ਸਮਾਂ ਲੱਗੇਗਾ। ਇਸ ਵਾਰ ਬਾਸਮਤੀ ਦੀ ਪੈਦਾਵਾਰ 20 ਤੋਂ 25 ਕੁਇੰਟਲ ਪ੍ਰਤੀ ਏਕੜ ਹੋ ਰਹੀ ਹੈ, ਜਦਕਿ ਸਾਲ 2025 ਵਿੱਚ ਇਹ 20 ਕੁਇੰਟਲ ਤੋਂ ਵੀ ਘੱਟ ਰਹੀ ਸੀ ਅਤੇ ਬਾਸਮਤੀ ਦਾ ਭਾਅ 3 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਨਹੀਂ ਹੋ ਸਕਿਆ ਸੀ। ਸਰਕਾਰੀ ਖਰੀਦ ਸ਼ੁਰੂ ਹੋਣ ਵਿੱਚ ਇੱਕ ਹਫ਼ਤਾ ਬਾਕੀ ਜ਼ਿਲ੍ਹੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ। ਪੇਂਡੂ ਖੇਤਰ ਦੀਆਂ ਮੰਡੀਆਂ ਹਾਲੇ ਵੀ ਸੁੰਨੀਆਂ ਪਈਆਂ ਹਨ ਅਤੇ ਇਨ੍ਹਾਂ ਵਿੱਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ। ਕਿਸਾਨਾਂ ਦਾ ਮੰਨਣਾ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਤੇਜ਼ੀ ਆਉਣ ਨੂੰ 20 ਤੋਂ 25 ਦਿਨ ਲੱਗ ਸਕਦੇ ਹਨ। ਕਿਸਾਨ ਨਛੱਤਰ ਸਿੰਘ, ਸੁਖਵਿੰਦਰ ਸਿੰਘ, ਨਾਇਬ ਸਿੰਘ ਅਤੇ ਧੰਨਾ ਸਿੰਘ ਨੇ ਦੱਸਿਆ ਕਿ ਪੂਸਾ 44, ਪੀਲੀ ਪੂਸਾ, ਪੰਜਾਬ ਨੰਬਰ-1 ਅਤੇ ਡੋਗਰ ਆਦਿ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਦੀ ਕਟਾਈ ਵਿੱਚ ਕੁਝ ਸਮਾਂ ਲੱਗੇਗਾ। ਇਨ੍ਹਾਂ ਦੀ ਕਟਾਈ 20 ਅਕਤੂਬਰ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਇਸ ਵਾਰ ਵੱਧ ਪੈਦਾਵਾਰ ਹੋਣ ਦੀ ਉਮੀਦ ਪਿੰਡ ਬਡਰੁੱਖਾਂ ਦੇ ਕਿਸਾਨ ਗੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ’ਤੇ ਕੀੜਿਆਂ ਦਾ ਹਮਲਾ ਘੱਟ ਰਿਹਾ ਹੈ। ਸੁੰਡੀ ਨੇ ਵੀ ਕਰੀਬ 20 ਫ਼ੀਸਦੀ ਫ਼ਸਲ ਨੂੰ ਹੀ ਪ੍ਰਭਾਵਿਤ ਕੀਤਾ ਹੈ। ਇਸ ਦੇ ਮੁਕਾਬਲੇ ਸਾਲ 2025 ਵਿੱਚ ਕਰੀਬ 70 ਫ਼ੀਸਦੀ ਝੋਨੇ ਦੀ ਫ਼ਸਲ ਬੌਣੇ ਰੋਗ, ਹਰੀ ਸੁੰਡੀ, ਤੇਲਾ, ਮੱਖੀ, ਘੋੜਾ ਅਤੇ ਹੋਰ ਨੁਕਸਾਨਦਾਇਕ ਕੀੜਿਆਂ ਕਾਰਨ ਪ੍ਰਭਾਵਿਤ ਹੋਈ ਸੀ। ਇਸ ਵਾਰ ਮੌਸਮ ਖੁਸ਼ਕ ਰਹਿਣ ਕਾਰਨ ਵੀ ਕੀੜਿਆਂ ਦਾ ਹਮਲਾ ਘੱਟ ਹੋਇਆ ਹੈ। ਇਸ ਲਈ ਇਸ ਵਾਰ ਪੈਦਾਵਾਰ ਵੱਧ ਹੋਣ ਦੀ ਉਮੀਦ ਹੈ, ਹਾਲਾਂਕਿ, ਅੰਤਿਮ ਪੈਦਾਵਾਰ ਮੌਸਮ ’ਤੇ ਨਿਰਭਰ ਕਰੇਗੀ। 42,600 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ:ਡਾ. ਭੱਟੀ ਖੇਤੀਬਾੜੀ ਅਧਿਕਾਰੀ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਦੇ 42 ਹਜ਼ਾਰ ਹੈਕਟੇਅਰ ਦੇ ਮੁਕਾਬਲੇ 42,600 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ। ਇਸ ਵਿੱਚ ਬਾਸਮਤੀ 1509, 1692 ਤੋਂ ਇਲਾਵਾ 1121 ਅਤੇ 1401 ਅਤੇ ਪੀਆਰ-126 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਗਈ ਹੈ। ਇਨ੍ਹਾਂ ਦੀ ਪੈਦਾਵਾਰ ਆਮ ਤੌਰ ’ਤੇ 18 ਤੋਂ 20 ਕੁਇੰਟਲ ਪ੍ਰਤੀ ਏਕੜ ਤੱਕ ਰਹਿੰਦੀ ਹੈ। ਇਹ ਕਿਸਮਾਂ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਹਨ।