ਕੋਠੀ ’ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਦਾਨ ਪਾਤਰ ’ਚੋਂ ਨਕਦੀ ਚੋਰੀ ਕੋਠੀ ’ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਦਾਨ ਪਾਤਰ ’ਚੋਂ ਨਕਦੀ ਚੋਰੀ
Publish Date: Wed, 11 Nov 2026 06:08 PM (IST)
Updated Date: Thu, 12 Nov 2026 04:00 AM (IST)
--ਸਕੂਟਰੀ ਵਾਲਾ ਚੋਰ ਕੈਮਰੇ ’ਚ ਕੈਦ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਚੋਰੀਆਂ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਹੁਣ ਚੋਰਾਂ ਨੇ ਦਿਨ-ਦਿਹਾੜੇ ਜਾਂ ਘਰਾਂ ਨੂੰ ਖਾਲੀ ਵੇਖ ਕੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਇੱਕ ਮਾਮਲਾ ਇੰਦਰ ਲੋਕ ਕਲੋਨੀ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਕੂਟਰੀ ’ਤੇ ਆਏ ਅਣਪਛਾਤੇ ਚੋਰ ਨੇ ਘਰ ’ਚ ਵੜ ਕੇ ਸੋਨੇ-ਚਾਂਦੀ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ ਅਤੇ ਨਾਲ ਹੀ ਘਰ ਵਿੱਚ ਰੱਖੇ ਦਾਨ ਪਾਤਰ ਨੂੰ ਭੰਨ ਕੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਵੀ ਉਡਾ ਕੇ ਲੈ ਗਿਆ। ਚੋਰ ਦੀ ਇਹ ਸਾਰੀ ਕਰਤੂਤ ਗਲ਼ੇ ਵਿੱਚ ਲੱਗੇ ਇੱਕ ਹੋਰ ਸੀਸੀਟੀਵੀ ਕੈਮਰੇ ਵਿੱਚ ਸਾਫ਼-ਸਾਫ਼ ਕੈਦ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਦਰ ਲੋਕ ਕਲੋਨੀ ਦੇ ਮਕਾਨ ਨੰਬਰ 117 ਦੀ ਰਹਿਣ ਵਾਲੀ ਰਵਿੰਦਰ ਕੌਰ ਪਤਨੀ ਸਵਰਗੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਗਏ ਹੋਏ ਸਨ। ਪਿੱਛੋਂ ਇੱਕ ਸਕੂਟਰੀ ਸਵਾਰ ਚੋਰ ਮੌਕਾ ਦੇਖ ਕੇ ਉਨ੍ਹਾਂ ਦੇ ਘਰ ਅੰਦਰ ਵੜ ਗਿਆ। ਚੋਰ ਨੇ ਘਰ ਦੀ ਅਲਮਾਰੀ ਖੋਲ੍ਹ ਕੇ ਇੱਕ ਸੋਨੇ ਦੀ ਚੂੜੀ ਅਤੇ ਇੱਕ ਚਾਂਦੀ ਦੀ ਚੇਨ ਚੋਰੀ ਕਰ ਲਈ। ਇੰਨਾ ਹੀ ਨਹੀਂ, ਘਰ ਵਿੱਚ ਰੱਖੇ ਦਾਨ ਪਾਤਰ ਨੂੰ ਵੀ ਨਹੀਂ ਛੱਡਿਆ ਅਤੇ ਉਸ ਵਿੱਚ ਪਈ ਕਰੀਬ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਰਫ਼ੂ-ਚੱਕਰ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਂਢ-ਗੁਆਂਢ ਦੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਚੋਰ ਸਕੂਟਰੀ ’ਤੇ ਆਇਆ ਸੀ, ਜਿਸ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਘਟਨਾ ਦੀ ਸੂਚਨਾ ਤਰੁੰਤ ਥਾਣਾ ਸਿਟੀ-2 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਪੂਰੀ ਕਾਲੋਨੀ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੀੜਤ ਪਰਿਵਾਰ ਅਤੇ ਕਲੋਨੀ ਵਾਸੀ ਮਾਸਟਰ ਭੋਲਾ ਸਿੰਘ ਆਦਿ ਨੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਅਤੇ ਇਸ ਚੋਰ ਨੂੰ ਜਲਦੀ ਫੜ ਕੇ ਜੇਲ੍ਹ ਡੱਕਿਆ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੁੱਖ ਦਾ ਸਾਹ ਲੈ ਸਕਣ।