- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਬੀ ਦੇ ਲੱਛਣ ਦਿਖਣ ’ਤੇ ਤੁਰੰਤ ਜਾਂਚ ਕਰਵਾਓ: ਡਾ. ਮਾਹੀਪ ਕੌਰ

ਨਦਾਮਪੁਰ ’ਚ ਸਿਹਤ ਵਿਭਾਗ ਵੱਲੋਂ ਟੀਬੀ ਜਾਂਚ ਤੇ ਤੰਬਾਕੂ ਵਿਰੋਧੀ ਕੈਂਪ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਟੀਬੀ (ਤਪਦਿਕ) ਦੀ ਬਿਮਾਰੀ ਦੇ ਮੁਕੰਮਲ ਖਾਤਮੇ ਅਤੇ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਪਿੰਡ ਨਦਾਮਪੁਰ ਵਿਖੇ ਟੀਬੀ ਸਕ੍ਰੀਨਿੰਗ ਤੇ ਤੰਬਾਕੂਨੋਸ਼ੀ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਕੈਂਪ ਸਿਵਲ ਸਰਜਨ ਡਾ. ਅਮਰਜੀਤ ਕੌਰ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਾਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਦੀ ਅਗਵਾਈ ਹੇਠ ਲਾਇਆ ਗਿਆ।
ਕੈਂਪ ਦੌਰਾਨ ਡਾ. ਮਲਕੀਤ ਸਿੰਘ ਚੈਸਟ ਤੇ ਟੀਬੀ ਮਾਹਿਰ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਵਾਸੀਆਂ ਦੀ ਮੁਫ਼ਤ ਸਿਹਤ ਜਾਂਚ ਕੀਤੀ। ਇਸ ਮੌਕੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਐਕਸ-ਰੇ ਕੀਤੇ ਗਏ ਅਤੇ ਟੀਬੀ ਦੀ ਬਿਮਾਰੀ ਦੀ ਪੁਸ਼ਟੀ ਲਈ ਥੁੱਕ ਦੇ ਸੈਂਪਲ ਵੀ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਆਪਥਾਲਮਿਕ ਅਫ਼ਸਰ ਵੱਲੋਂ ਲੋਕਾਂ ਦੀਆਂ ਅੱਖਾਂ ਦੀ ਮੁੱਢਲੀ ਜਾਂਚ ਵੀ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਨੇ ਕਿਹਾ ਕਿ ਟੀਬੀ ਇਕ ਇਲਾਜਯੋਗ ਬਿਮਾਰੀ ਹੈ, ਜਿਸ ਦੀ ਸਮੇਂ ਸਿਰ ਪਛਾਣ ਅਤੇ ਪੂਰਾ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ, ਬੁਖ਼ਾਰ, ਭੁੱਖ ਨਾ ਲੱਗਣਾ ਜਾਂ ਸਰੀਰ ਦਾ ਭਾਰ ਘਟਣ ਵਰਗੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਟੀ ਬੀ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਡਾ. ਜਗਰੀਤ ਸਬਰਵਾਲ ਨੇ ਲੋਕਾਂ ਨੂੰ ਟੀਬੀ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਇਲਾਜ ਦਾ ਪੂਰਾ ਕੋਰਸ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤੰਬਾਕੂਨੋਸ਼ੀ ਦੇ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਦਿਆਂ ਲੋਕਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਹੈਲਥ ਇੰਸਪੈਕਟਰ ਗਰਜੰਟ ਸਿੰਘ, ਰੇਡੀਓਗ੍ਰਾਫਰ ਰਿਜ਼ਵਾਨ, ਮਲਟੀਪਰਪਜ਼ ਹੈਲਥ ਵਰਕਰ ਗੁਰਜੰਟ ਸਿੰਘ, ਬਲਜਿੰਦਰ ਸਿੰਘ, ਫਾਰਮੇਸੀ ਅਫ਼ਸਰ ਲਖਵਿੰਦਰ ਸਿੰਘ, ਮੋਹਨਜੀਤ ਕੌਰ (ਸੀਏ) ਅਤੇ ਹੈਲਪਰ ਮਨਪ੍ਰੀਤ ਕੌਰ ਹਾਜ਼ਰ ਸਨ।