ਗਾਗੇਵਾਲ ’ਚ 10 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਚੋਰੀ
ਪਿੰਡ ਗਾਗੇਵਾਲ ’ਚ ਚੋਰ ਗਰੋ
Publish Date: Sat, 04 Apr 2026 04:28 PM (IST)
Updated Date: Sun, 05 Apr 2026 04:02 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਾਗੇਵਾਲ ’ਚ ਸ਼ੁੱਕਰਵਾਰ ਦੀ ਰਾਤ ਚੋਰ ਗਰੋਹ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਈ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਇੱਕ ਹੀ ਰਾਤ ’ਚ 10 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਵੱਢ ਕੇ ਚੋਰੀ ਕਰ ਲਈ, ਜਿਸ ਕਾਰਨ ਪਿੰਡ ਦੇ ਕਿਸਾਨਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤੋਂ ਖੇਤਾਂ ਵੱਲ ਜਾਣ ਵਾਲੇ ਰੂਹੀ ਵਾਲੇ ਕੱਚੇ ਰਸਤੇ ਨਾਲ ਲੱਗਦੇ ਖੇਤਾਂ ’ਚ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਕਿਸਾਨ ਦਲਜੀਤ ਸਿੰਘ ਲਾਡੀ ਦੀਆਂ ਦੋ ਮੋਟਰਾਂ ਤੋਂ ਲਗਭਗ 150 ਫੁੱਟ ਕੇਬਲ ਤਾਰ, ਸੌਦਾਗਰ ਸਿੰਘ ਦੀ ਮੋਟਰ ਤੋਂ 60 ਫੁੱਟ, ਬੇਅੰਤ ਸਿੰਘ ਦੀ ਮੋਟਰ ਤੋਂ 40 ਫੁੱਟ, ਅਮਰਜੀਤ ਸਿੰਘ ਦੀ ਮੋਟਰ ਤੋਂ 50 ਫੁੱਟ, ਸਰਬਜੀਤ ਸਿੰਘ ਦੀ ਮੋਟਰ ਤੋਂ 30 ਫੁੱਟ, ਮਾਸਟਰ ਗੁਰਬਖਸ਼ ਸਿੰਘ ਦੀ ਮੋਟਰ ਤੋਂ 40 ਫੁੱਟ, ਦਲਜਿੰਦਰ ਸਿੰਘ ਦੀ ਮੋਟਰ ਤੋਂ 20 ਫੁੱਟ, ਹਰਦੀਪ ਸਿੰਘ ਦੀ ਮੋਟਰ ਤੋਂ 20 ਫੁੱਟ, ਜਸਵਿੰਦਰ ਸਿੰਘ ਕਾਲਾ ਦੀ ਮੋਟਰ ਤੋਂ 35 ਫੁੱਟ ਅਤੇ ਗੁਰਮੀਤ ਸਿੰਘ ਨਿੱਕਾ ਦੀ ਮੋਟਰ ਤੋਂ 40 ਫੁੱਟ ਕੇਬਲ ਵੱਢ ਕੇ ਚੋਰੀ ਕਰ ਲਈ। ਕਿਸਾਨਾਂ ਨੂੰ ਇਸ ਚੋਰੀ ਬਾਰੇ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਅਤੇ ਕਣਕ ਦੀ ਫਸਲ ਦੇਖਣ ਖੇਤਾਂ ’ਚ ਗਏ। ਉੱਥੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਮੋਟਰਾਂ ਤੋਂ ਕੇਬਲ ਗਾਇਬ ਹਨ। ਇਸ ਘਟਨਾ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਹੈ ਅਤੇ ਸਿੰਚਾਈ ਪ੍ਰਣਾਲੀ ਪ੍ਰਭਾਵਿਤ ਹੋ ਗਈ ਹੈ। ਮਿੱਤਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵੀ ਪਿੰਡ ਦੇ ਕਿਸਾਨ ਕੁਲਦੀਪ ਸਿੰਘ ਦੇ ਖੇਤ ’ਚ ਲੱਗੇ ਟਰਾਂਸਫਾਰਮਰ ਦੀ ਭੰਨਤੋੜ ਕਰਕੇ ਉਸ ’ਚੋਂ ਕੀਮਤੀ ਤਾਂਬਾ ਚੋਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿੰਡ ਦੇ ਨੇੜੇ ਲੰਘਦੇ ਰਜਵਾਹੇ ਦੀ ਕੱਸੀ ਦੇ ਨੱਕੇ ਵੀ ਚੋਰੀ ਹੋ ਚੁੱਕੇ ਹਨ। ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਅਤੇ ਪਿੰਡ ਵਾਸੀਆਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਕਿਸਾਨਾਂ ਵੱਲੋਂ ਥਾਣਾ ਟੱਲੇਵਾਲ ’ਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲਗਾਤਾਰ ਹੋ ਰਹੀਆਂ ਚੋਰੀਆਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣ ਸਕੇ।