ਗਾਂਧੀ ਨਗਰ ਨੂੰ ਪੰਜ ਦਹਾਕਿਆਂ ਬਾਅਦ ਮਿਲਿਆ ਰਸਤਾ, ਇਲਾਕਾ ਵਾਸੀਆਂ ਨੇ ਐਮਪੀ ਮੀਤ ਹੇਅਰ ਦਾ ਕੀਤਾ ਧੰਨਵਾਦ ਗਾਂਧੀ ਨਗਰ ਨੂੰ ਪੰਜ ਦਹਾਕਿਆਂ ਬਾਅਦ ਮਿਲਿਆ ਰਸਤਾ, ਇਲਾਕਾ ਵਾਸੀਆਂ ਨੇ ਐਮਪੀ ਮੀਤ ਹੇਅਰ ਦਾ ਕੀਤਾ ਧੰਨਵਾਦ
Publish Date: Thu, 30 Jul 2026 05:04 PM (IST)
Updated Date: Fri, 31 Jul 2026 04:05 AM (IST)
ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਈਵੇਟ ਜ਼ਮੀਨ ਖਰੀਦ ਕੇ ਬਣਾਇਆ ਗਿਆ ਹੈ ਨਵਾਂ ਰਸਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਦੇ ਗਾਂਧੀ ਨਗਰ ਨੂੰ ਕਰੀਬ ਪੰਜ ਦਹਾਕਿਆਂ ਬਾਅਦ ਸਿੱਧਾ ਰਸਤਾ ਮਿਲਿਆ ਹੈ, ਜਿਸ ਦੇ ਨਾਲ ਗਾਂਧੀ ਨਗਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਨਗਰ ਦੇ ਵਿਕਾਸ ਦੇ ਨਵੇਂ ਰਾਹ ਖੁੱਲ੍ਹੇ ਹਨ। ਲੋਕ ਸਭਾ ਮੈਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਰਸਤੇ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਗਾਂਧੀ ਨਗਰ ਵਾਸੀਆਂ ਕਰੀਬ 50 ਸਾਲਾਂ ਤੋਂ ਸਿੱਧੇ ਰਸਤੇ ਤੋਂ ਵਾਂਝੇ ਸਨ। ਬਰਨਾਲਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਕਿਲੋਮੀਟਰ ਦੂਰੀ ਤੇ ਹੋਣ ਦੇ ਬਾਵਜੂਦ ਇਹ ਇਲਾਕਾ ਸ਼ਹਿਰ ਨਾਲੋਂ ਟੁੱਟਿਆ ਹੋਇਆ ਸੀ ਕਿਉੰਕਿ ਇਸ ਨਗਰ ਨੂੰ ਸਿੱਧਾ ਰਸਤਾ ਨਹੀਂ ਜਾਂਦਾ ਸੀ। ਕਰੀਬ 50 ਸਾਲਾਂ ਤੋਂ ਰੇਲਵੇ ਲਾਈਨ ਕੋਲ ਵਸੇ ਗਾਂਧੀ ਨਗਰ ਦੇ ਵਸਨੀਕ ਸਿੱਧੇ ਰਸਤੇ ਦੀ ਮੰਗ ਕਰ ਰਹੇ ਸਨ। ਸ਼ਹਿਰ ਦੇ ਮੁੱਖ ਬਾਜ਼ਾਰ ਜਾਣ ਲਈ ਗਾਂਧੀ ਨਗਰ ਵਾਸੀਆਂ ਨੂੰ ਸੰਘੇੜਾ ਰੋਡ ਤੋਂ ਹੋ ਕੇ ਕਈ ਕਿਲਮੀਟਰ ਘੁੰਮਕੇ ਜਾਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 60 ਲੱਖ ਰੁਪਏ ਦੀ ਪ੍ਰਾਈਵੇਟ ਜ਼ਮੀਨ ਖਰੀਦ ਕੇ ਗਾਂਧੀ ਨਗਰ ਨੂੰ ਸਾਢੇ 16 ਫੁੱਟ ਚੌੜਾ ਤੇ 300 ਫੁੱਟ ਲੰਬਾ ਰਸਤੇ ਬਣਾ ਕੇ ਦਿੱਤਾ ਹੈ ਜੋ ਕਿ ਗਾਂਧੀ ਨਗਰ ਨੂੰ ਰਾਮਗੜੀਆ ਰੋਡ ਨਾਲ ਜੋੜਦਾ ਹੈ। ਹੁਣ ਗਾਂਧੀ ਨਗਰ ਦੇ ਲੋਕਾਂ ਨੂੰ ਮੁੱਖ ਬਾਜ਼ਾਰ ਤੇ ਸ਼ਹਿਰ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਲੰਬਾ ਚੱਕਰ ਨਹੀਂ ਲਗਾਉਣਾ ਪਵੇਗਾ। ਇਸ ਮੌਕੇ ਗਾਂਧੀ ਨਗਰ ਵਾਸੀਆਂ ਵਿਕਰਮਜੀਤ ਸਿੰਘ (ਗੱਬਰ), ਬਿੱਲੂ ਸਿੰਘ ਸਮੇਤ ਬਾਬਾ ਭੀਮ ਰਾਓ ਅੰਬੇਡਕਰ ਕਲੱਬ ਦੇ ਸਮੂਹ ਮੈਂਬਰਾਂ ਨੇ ਖੁਸ਼ੀ ਜਤਾਉਂਦੇ ਹੋਏ ਲੋਕ ਸਭਾ ਮੈਂਬਰ ਮੀਤ ਹੇਅਰ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਾਅਦੇ ਤਾਂ ਕੀਤੇ ਪਰ ਇਹ ਮਸਲਾ ਹੱਲ ਨਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਦਹਾਕਿਆਂ ਦਾ ਬਨਵਾਸ ਕੱਟਿਆ ਹੈ ਜਿਸ ਵਾਸਤੇ ਉਹ ਸਰਕਾਰ ਦੇ ਧੰਨਵਾਦੀ ਹਨ। ਰਸਤੇ ਦੀ ਰਸਮੀ ਸ਼ੁਰੂਆਤ ਕਰਾਉਣ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ। ਬਾਕਸ ਨਿਊਜ- ਮਰੀਜ਼ਾਂ ਨੂੰ ਆਉਂਦੀ ਸੀ ਵੱਡੀ ਪ੍ਰੇਸ਼ਾਨੀ, ਹੁਣ ਇਲਾਕੇ ਦੇ ਭਾਗ ਖੁੱਲ੍ਹੇ ਗਾਂਧੀ ਨਗਰ ਵਾਸੀ ਬਿੱਲੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਧਾ ਰਸਤਾ ਨਾ ਹੋਣ ਕਾਰਨ ਚਾਰ ਪਹੀਆ ਵਾਹਨ ਇਸ ਇਲਾਕੇ ’ਚ ਨਹੀਂ ਪੁੱਜਦਾ ਸੀ ਜਿਸ ਕਰਕੇ ਐਮਰਜੈਂਸੀ ਹਾਲਾਤ ਮਰੀਜ਼ਾਂ ਨੂੰ ਜਾਂ ਗਰਭਵਤੀ ਔਰਤਾਂ ਨੂੰ ਹਸਪਤਾਲ ਲਿਜਾਣ ’ਚ ਵੱਡੀ ਦਿੱਕਤ ਆਉਂਦੀ ਸੀ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਰਸਤਾ ਖੁੱਲਣ ਨਾਲ ਚਾਰ ਪਹੀਆ ਵਾਹਨ ਤੇ ਐਂਬੂਲੈਂਸ ਆਦਿ ਇਸ ਇਲਾਕੇ ’ਚ ਆ ਸਕੇਗੀ ਤੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਰਸਤਾ ਮਿਲਣ ਨਾਲ ਇਲਾਕੇ ਦੇ ਭਾਗ ਖੁੱਲ੍ਹ ਗਏ ਹਨ। --ਬਾਕਸ ਨਿਊਜ- ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਰਾਹ ਹੋਇਆ ਸੁਖਾਲਾ ਗਾਂਧੀ ਨਗਰ ਦੇ ਵਸਨੀਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦਾ ਸੀਵਰੇਜ ਕਨੈਕਸ਼ਨ ਨਾ ਹੋਣ ਕਰਕੇ ਬਰਸਾਤਾਂ ਵਿਚ ਗਲੀਆਂ ’ਚ ਪਾਣੀ ਭਰ ਜਾਂਦਾ ਸੀ ਤੇ ਇਸ ਨਗਰ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਲੰਘਣਾ ਮੁਹਾਲ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਗਾਂਧੀ ਨਗਰ ਦੇ ਇਸ ਸਕੂਲ ਵਿਚ 200 ਤੋਂ ਵੱਧ ਬੱਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਮੁਸ਼ਕਿਲ ਵੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਰਜ਼ੀ ਤੌਰ ਤੇ ਰੇਲਵੇ ਲਾਈਨ ਵਾਲੇ ਰਸਤੇ ਦੀ ਵਰਤੋਂ ਕਰਦੇ ਸਨ ਪਰ ਰੇਲਵੇ ਲਾਈਨ ਚੌੜੀ ਹੋਣ ਮਗਰੋਂ ਉਹ ਰਸਤਾ ਵੀ ਬੰਦ ਹੋ ਗਿਆ ਸੀ। --ਬਾਕਸ ਨਿਊਜ- ਜਲਦ ਸੀਵਰੇਜ ਦਾ ਕੰਮ ਵੀ ਹੋ ਜਾਵੇਗਾ ਸ਼ੁਰੂ : ਮੇਅਰ ਹਸਨ ਭਾਰਦਵਾਜ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨ ਭਾਰਦਵਾਜ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਹ ਜ਼ਮੀਨ ਖਰੀਦਣ ਮਗਰੋਂ ਹੁਣ ਰਸਤੇ ਦੀ ਸਫਾਈ ਕਰਵਾਈ ਜਾ ਰਹੀ ਹੈ ਤੇ ਆਉਂਦੇ ਦਿਨੀਂ ਸੀਵਰੇਜ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਥੇ ਸੀਵਰੇਜ ਪਵਾ ਕੇ ਓਸਨੂੰ ਰਾਮਗੜ੍ਹੀਆ ਰੋਡ ਦੇ ਮੇਨ ਸੀਵਰੇਜ ਨਾਲ ਜੋੜ ਦਿੱਤਾ ਜਾਵੇਗਾ ਜਿਸ ਮਗਰੋਂ ਇਸ ਇਲਾਕੇ ਦੀ ਸੀਵਰੇਜ ਸਮੱਸਿਆ ਵੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦਾ ਪੂਰਾ ਵਿਕਾਸ ਕਰਾਇਆ ਜਾਵੇਗਾ।