- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਕੇ ਹੋਏ ਕਿਸਾਨਾਂ ਨੇ ਮਾਲੇਰਕੋਟਲਾ ਦਾ ਗਰੇਵਾਲ ਚੌਂਕ ਕੀਤਾ ਜਾਮ

ਸੱਤਪਾਲ ਕਾਲਾਬੂਲਾ /ਲਾਡੇਵਾਲ ਪੰਜਾਬੀ ਜਾਗਰਣ,
ਮਾਲੇਰਕੋਟਲਾ : ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੇ ਗਏ ਜ਼ਿਲ੍ਹਾ ਪੱਧਰੀ ਪੱਕੇ ਮੋਰਚੇ ਦੇ ਪ੍ਰੋਗਰਾਮ ਤਹਿਤ ਸ਼ੁੱਕਰਵਾਰ ਨੂੰ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ ਛੇਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਅੱਕੇ ਹੋਏ ਵੱਡੀ ਗਿਣਤੀ ਕਿਸਾਨਾਂ ਵੱਲੋਂ ਸਥਾਨਕ ਗਰੇਵਾਲ ਚੌਂਕ ਦੀ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਆਗੂ ਕੇਵਲ ਸਿੰਘ ਭੜੀ ਜਨਰਲ ਸਕੱਤਰ, ਸਰਬਜੀਤ ਸਿੰਘ ਭੁਰਥਲਾ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਵੱਖ-ਵੱਖ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਦਫਤਰ ਅੱਗੇ 30 ਅਗਸਤ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ ਪਰੰਤੂ ਛੇ ਦਿਨ ਬੀਤੇ ਬੀਤਣ ਦੇ ਬਾਵਜੂਦ ਵੀ ਡੀਸੀ ਨੇ ਨਾ ਤਾਂ ਕਿਸਾਨਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਅਤੇ ਨਾ ਹੀ ਪਾਣੀ, ਬਾਥਰੂਮਾਂ ਦਾ ਕੋਈ ਪ੍ਰਬੰਧ ਕੀਤਾ। ਕਿਉਂਕਿ ਇਹ ਸਭ ਕੁਝ ਸਰਕਾਰ ਦੇ ਇਸ਼ਾਰਿਆਂ ’ਤੇ ਹੋ ਰਿਹਾ ਹੈ। ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਰਾਜ ਗੱਦੀ ਹਾਸਿਲ ਕੀਤੀ ਸੀ। ਵਾਤਾਵਰਣ ਤੇ ਕਿਸਾਨ ਮਜ਼ਦੂਰ ਪੱਖੀ ਨੀਤੀਆਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਖੇਤੀ ਨੀਤੀ ਲਾਗੂ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਆਗੂਆਂ ਨੇ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ, ਅਮਰੀਕਾ ਭਾਰਤ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ, ਸਾਰੀਆਂ ਫਸਲਾਂ ਤੇ 32 ਫਾਰਮੂਲੇ ਤਹਿਤ ਐੱਮਐੱਸਪੀ ਤੇ ਸਰਕਾਰੀ ਖਰੀਦ ਦੀ ਕਾਨੂੰਨੀ ਗਰੰਟੀ ਕਰੇ,ਵੱਖ ਵੱਖ ਅਦਾਰਿਆਂ ਅਤੇ ਖੇਤੀ ਨਾਲ ਸਬੰਧਿਤ ਨਿੱਜੀਕਰਨ ਲਿਆਂਦੇ ਜਾ ਰਹੇ ਕਾਨੂੰਨਾਂ ਅਤੇ ਬਿੱਲ ਰੱਦ ਕੀਤੇ ਜਾਣ। ਦੱਸ ਦਈਏ ਕਿ ਬੀਤੀ ਕੱਲ ਵੀ ਕਿਸਾਨਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਪਾਵਰਕਾਮ ਦੇ ਐਕਸੀਨ ਦਫਤਰ ਦਾ ਘਿਰਾਓ ਕੀਤਾ ਗਿਆ ਸੀ। ਅਖੀਰ ਵਿੱਚ ਅੱਧਾ ਘੰਟਾ ਤੋਂ ਵੱਧ ਰੋਡ ਜਾਮ ਕਰਕੇ ਲੱਗੇ ਧਰਨੇ ਨੂੰ ਚੁਕਵਾਉਣ ਲਈ ਡੀਐਸਪੀ ਮਾਲੇਰਕੋਟਲਾ ਮਾਨਵਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਡੀਸੀ ਨਾਲ ਗੱਲਬਾਤ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ।
ਇਸ ਮੌਕੇ ਰਾਜਿੰਦਰ ਸਿੰਘ ਭੋਗੀਵਾਲ, ਰਾਵਿੰਦਰ ਸਿੰਘ ਕਾਸਮਪੁਰ ਅਤੇ ਬਲਾਕਾਂ ਦੇ ਆਗੂ ਮਾਲੇਰਕੋਟਲਾ, ਬਲਾਕ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ, ਕਰਨੈਲ ਸਿੰਘ ਭੂਦਨ, ਖ਼ਜ਼ਾਨਚੀ ਰਛਪਾਲ ਸਿੰਘ ਰੜ, ਅਹਿਮਦਗੜ੍ਹ ਬਲਾਕ ਆਗੂ ਜਗਰੂਪ ਸਿੰਘ ਖੁਰਦ, ਜਗਤਾਰ ਸਿੰਘ ਸਰੌਦ,ਅਮਰਗੜ੍ਹ ਬਲਾਕ ਪ੍ਰਧਾਨ ਮਹਿੰਦਰ ਸਿੰਘ ਭੁਰਥਲਾ, ਪ੍ਰਮਦੀਪ ਸਿੰਘ ਜਾਮਾ, ਦਵਿੰਦਰ ਸਿੰਘ ਹਾਜ਼ਰ ਸਨ।