ਬਰਨਾਲਾ ’ਚ 8.9 ਐੱਮਐੱਮ ਹੋਈ ਬਾਰਿਸ਼, ਪਤੰਗਬਾਜ਼ ਦਿਖੇ ਨਿਰਾਸ਼
ਸੁੱਕਰਵਾਰ ਨੂੰ ਪਈ ਬਰਸਾਤ ਤੇ ਠੰਡੀਆਂ ਹਵਾਵਾਂ ਨੇ ਠਾਰੀ ਵਧਾਈ
Publish Date: Fri, 23 Jan 2026 05:35 PM (IST)
Updated Date: Sat, 24 Jan 2026 04:07 AM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸ਼ੁੱਕਰਵਾਰ ਦੇਰ ਰਾਤ ਨੂੰ ਸ਼ੁਰੂ ਹੋਈ ਬਰਾਸਤ ਤੇ ਠੰਡੀਆਂ ਹਵਾਵਾਂ ਨੇ ਮੌਸਮ ’ਚ ਠੰਡਕ ਵਧਾ ਦਿੱਤੀ ਹੈ। ਲਗਾਤਾਰ ਪਈ ਬਾਰਿਸ਼ ਕਾਰਨ ਬਸੰਤ ਪੰਚਮੀ ਵਾਲੇ ਦਿਨ ਪਤੰਗਬਾਜ਼ੀ ਦੇ ਸੌਂਕੀਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਮੀਂਹ ਪੈਣ ਕਾਰਨ ਬਾਜ਼ਾਰਾਂ ’ਚ ਸੁੰਨ ਪਸਰੀ ਰਹੀ ਤੇ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਸ਼ੁੱਕਰਵਾਰ ਨੂੰ ਤਾਪਮਾਨ ਵੱਧ ਤੋਂ ਵੱਧ 14 ਤੇ ਘੱਟ ਤੋਂ ਘੱਟ 5 ਡਿਗਰੀ ਦਰਜ ਕੀਤਾ ਗਿਆ ਤੇ 10 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਤੇਜ਼ ਠੰਡੀਆਂ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਸ਼ਾਮ 4 ਵਜੇ ਤਕ 8.9 ਐੱਮਐੱਮ ਮੀਂਹ ਦਰਜ ਕੀਤਾ ਗਿਆ, ਪਰ ਸਾਰਾ ਦਿਨ ਆਸਮਾਨ ’ਚ ਬੱਦਲ ਛਾਏ ਰਹੇ। : ਜ਼ਿਆਦਾ ਮੀਂਹ ਫ਼ਸਲਾਂ ਲਈ ਨੁਕਸਾਨਦੇਹ ਇਸ ਸਬੰਧੀ ਕਿਸਾਨ ਹਰਮੇਲ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਇਹ ਕਣਕ ਤੇ ਆਲੂ ਦੀ ਫ਼ਸਲ ਲਈ ਕਾਫ਼ੀ ਜ਼ਿਆਦਾ ਨੁਕਸਾਨਦੇਹੀ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤਾਂ ’ਚ ਕਣਕ ਦੀ ਫ਼ਸਲ ਅਜੇ ਛੋਟੀ ਹੈ ਤੇ ਜ਼ਿਆਦਾ ਮੀਂਹ ਪੈਣ ਕਾਰਨ ਪਾਣੀ ਵਾਹਣਾਂ ’ਚ ਖੜ੍ਹ ਸਕਦਾ ਹੈ। ਇਸ ਕਾਰਨ ਕਣਕ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਕੁੱਝ ਕਿਸਾਨਾਂ ਨੇ ਅਜੇ ਆਲੂ ਦੀ ਫ਼ਸਲ ਦੀ ਪੁਟਾਈ ਨਹੀਂ ਕੀਤੀ ਹੈ। ਮੀਂਹ ਪੈਣ ਕਾਰਨ ਆਲੂ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਵੀ ਹੈ। : ਬਾਜ਼ਾਰ ’ਚ ਭਰਿਆ ਪਾਣੀ, ਰਾਹਗੀਰ ਹੋਏ ਪਰੇਸ਼ਾਨ ਬਰਸਾਤ ਪੈਣ ਕਾਰਨ ਜਿੱਥੇ ਠੰਢ ਵਧ ਗਈ ਹੈ, ਉੱਥੇ ਹੀ ਬਰਨਾਲਾ ਦੇ ਕਾਲਜ ਰੋਡ, ਕੇਸੀ ਰੋਡ, ਬੱਸ ਸਟੈਂਡ, ਕਚਹਿਰੀ ਚੌਕ, ਫ਼ਰਵਾਹੀ ਬਾਜ਼ਾਰ, ਤਹਿਸੀਲ ਕੰਪਲੈਕਸ ਆਦਿ ਥਾਵਾਂ ’ਤੇ ਮੀਂਹ ਦਾ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਮੀਂਹ ਕਰਨ ਹੋਏ ਚਿੱਕੜ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਜ਼ਾਰਾਂ ’ਚ ਸਾਰਾ ਦਿਨ ਸੁੰਨ ਪਰਸੀ ਰਹੀ।