- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਹਿਲੀਜ਼ ਕਲਾਂ ’ਚ ਅੱਜ ਲੱਗੇਗਾ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ: ਧਾਲੀਵਾਲ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸੇਵਾਦਾਰ ਕਮਲ ਧਾਲੀਵਾਲ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ 25 ਅਕਤੂਬਰ ਨੂੰ ਪਿੰਡ ਦਹਿਲੀਜ਼ ਕਲਾਂ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਦਾ ਉਦੇਸ਼ ਹਲਕਾ ਅਮਰਗੜ੍ਹ ਦੇ ਨਿਵਾਸੀਆਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਮੇਂ ਸਿਰ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।
ਇਸ ਸੰਬੰਧੀ ਕਮਲ ਧਾਲੀਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਕੈਂਸਰ ਦੀ ਜਾਂਚ, ਬਿਮਾਰੀ ਸੰਬੰਧੀ ਜਾਗਰੂਕਤਾ ਅਤੇ ਅੱਖਾਂ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਂਚ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਲਗਭਗ 70 ਹਜ਼ਾਰ ਰੁਪਏ ਦੀ ਲਾਗਤ ਵਾਲੇ ਕੈਂਸਰ ਜਾਂਚ ਟੈਸਟ ਵੀ ਇਸ ਕੈਂਪ ਦੌਰਾਨ ਮੁਫ਼ਤ ਕੀਤੇ ਜਾਣਗੇ, ਤਾਂ ਜੋ ਆਰਥਿਕ ਤੰਗੀ ਕਾਰਨ ਕੋਈ ਵੀ ਵਿਅਕਤੀ ਸਿਹਤ ਜਾਂਚ ਦੀ ਸਹੂਲਤ ਤੋਂ ਵਾਂਝਾ ਨਾ ਰਹੇ।
ਜ਼ਿਕਰਯੋਗ ਹੈ ਕਿ ਕਮਲ ਧਾਲੀਵਾਲ ਵੱਲੋਂ ਹਲਕਾ ਅਮਰਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਲੜੀਵਾਰ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਇਲਾਕਾ ਨਿਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਸਹੀ ਡਾਕਟਰੀ ਸਲਾਹ ਨਾਲ ਇਲਾਜ ਦੀਆਂ ਸੰਭਾਵਨਾਵਾਂ ਬਿਹਤਰ ਹੋ ਸਕਦੀਆਂ ਹਨ। ਇਸ ਲਈ ਬਿਮਾਰੀ ਦੇ ਲੱਛਣਾਂ ਦੀ ਅਣਦੇਖੀ ਕਰਨ ਦੀ ਬਜਾਏ ਸਮੇਂ ਸਿਰ ਜਾਂਚ ਕਰਵਾਉਣੀ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਅਕਤੂਬਰ ਨੂੰ ਪਿੰਡ ਦਹਿਲੀਜ਼ ਕਲਾਂ ਵਿਖੇ ਲੱਗਣ ਵਾਲੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਅਤੇ ਆਪਣੇ ਸਿਹਤ ਸੰਬੰਧੀ ਟੈਸਟ ਕਰਵਾ ਕੇ ਇਸ ਮੁਫ਼ਤ ਸਹੂਲਤ ਦਾ ਲਾਭ ਉਠਾਉਣ ਅਤੇ ਇਸ ਕੈਂਪ ਸੰਬੰਧੀ ਵਧੇਰੇ ਜਾਣਕਾਰੀ ਲਈ ਪਿੰਡ ਦਹਿਲੀਜ਼ ਕਲਾਂ ਦੇ ਸਰਪੰਚ ਸ਼ਗੀਰ ਖਾਨ (ਹਾਜੀ) ਜਾਂ ਕਮਲ ਧਾਲੀਵਾਲ ਦੇ ਅਮਰਗੜ੍ਹ ਅਤੇ ਅਹਿਮਦਗੜ੍ਹ ਸਥਿਤ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।