ਹਿੰਦ ਹਸਪਤਾਲ ਵਿਖੇ ਛਾਤੀ ਅਤੇ ਸਪਾਈਨ ਰੋਗਾਂ ਦਾ ਮੁਫ਼ਤ ਕੈਂਪ ਲਾਇਆ ਹਿੰਦ ਹਸਪਤਾਲ ਵਿਖੇ ਛਾਤੀ ਅਤੇ ਸਪਾਈਨ ਰੋਗਾਂ ਦਾ ਮੁਫ਼ਤ ਕੈਂਪ ਲਾਇਆ
Publish Date: Thu, 05 Nov 2026 05:37 PM (IST)
Updated Date: Thu, 05 Nov 2026 05:38 PM (IST)
ਫੋਟੋ–31 ਕੈਪਸ਼ਨ–ਅਹਿਮਦਗੜ੍ਹ ਦੇ ਹਿੰਦ ਹਸਪਤਾਲ ਵਿੱਚ ਲਾਏ ਕੈੰਪ ਦੀ ਤਸਵੀਰ। ਮਹਾਂਵੀਰ ਗੋਇਲ. ਪੰਜਾਬੀ ਜਾਗਰਣ, ਅਹਿਮਦਗੜ੍ਹ : ਹਿੰਦ ਹਸਪਤਾਲ, ਅਹਿਮਦਗੜ੍ਹ ਵਿਖੇ ਅੱਜ ਲਾਇਨਜ਼ ਕਲੱਬ ਅਹਿਮਦਗੜ੍ਹ ਗ੍ਰੇਟਰ ਦੇ ਸਹਿਯੋਗ ਨਾਲ ਸਪਾਈਨ ਅਤੇ ਛਾਤੀ ਰੋਗਾਂ ਨਾਲ ਸਬੰਧਤ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਪਾਈਨ ਮਾਹਿਰ ਡਾ. ਅਮਿਤ ਕਪੂਰ ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਆਰ. ਕੇ. ਗੋਇਲ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਪ੍ਰਦਾਨ ਕੀਤੀ। ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਲਈ ਵੱਖ-ਵੱਖ ਟੈਸਟ ਵੀ ਮੁਫ਼ਤ ਕੀਤੇ ਗਏ, ਜਿਨ੍ਹਾਂ ਵਿੱਚ ਬੋਨ ਮਿਨਰਲ ਡੈਨਸਿਟੀ (ਬੀਐਮਡੀ), ਤਿੰਨ ਮਹੀਨਿਆਂ ਦੀ ਔਸਤ ਸ਼ੂਗਰ ਅਤੇ ਸਪਾਇਰੋਮੈਟਰੀ (ਫੇਫੜਿਆਂ ਦੀ ਸਮਰੱਥਾ ਦੀ ਜਾਂਚ) ਸ਼ਾਮਲ ਸਨ। ਡਾ. ਆਰਕੇ ਗੋਇਲ ਨੇ ਕਿਹਾ ਕਿ ਛਾਤੀ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਜਾਂਚ ਬਹੁਤ ਜ਼ਰੂਰੀ ਹੈ। ਸਾਹ ਲੈਣ ਵਿੱਚ ਤਕਲੀਫ਼, ਲਗਾਤਾਰ ਖੰਘ ਅਤੇ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਪਾਇਰੋਮੈਟਰੀ ਵਰਗੇ ਟੈਸਟ ਫੇਫੜਿਆਂ ਦੀ ਜਾਂਚ ਕਰਨ ਵਿੱਚ ਮਦਦਗਾਰ ਹੁੰਦੇ ਹਨ ਅਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਡਾ. ਅਮਿਤ ਕਪੂਰ ਨੇ ਕਿਹਾ ਕਿ ਰੀੜ੍ਹ ਦੀ ਹੱਡੀ, ਕਮਰ ਅਤੇ ਗਰਦਨ ਨਾਲ ਸਬੰਧਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਲਗਾਤਾਰ ਕਮਰ ਦਰਦ, ਸਲਿੱਪ ਡਿਸਕ, ਸਾਇਟਿਕਾ ਜਾਂ ਗਰਦਨ ਦਰਦ ਵਰਗੇ ਲੱਛਣਾਂ ਦੀ ਸਥਿਤੀ ਵਿੱਚ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਕੈਂਪ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਮਾਹਿਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਮਹੱਤਵਪੂਰਨ ਹਨ। ਇਸ ਮੌਕੇ ਡਾ. ਸੁਨੀਤ ਕੁਮਾਰ ਹਿੰਦ, ਡਾਇਰੈਕਟਰ, ਹਿੰਦ ਹਸਪਤਾਲ, ਅਹਿਮਦਗੜ੍ਹ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਉਪਲਬਧ ਕਰਵਾਉਣਾ ਹੈ। ਇਸੇ ਉਦੇਸ਼ ਤਹਿਤ ਹਸਪਤਾਲ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਜ਼ਰੂਰੀ ਜਾਂਚ ਸਹੂਲਤਾਂ ਮਿਲ ਸਕਣ। ਉਨ੍ਹਾਂ ਦੋਵੇਂ ਮਾਹਿਰ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਦੀ ਸਿਹਤ ਸੰਭਾਲ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਡਾ. ਆਯੁਸ਼ ਹਿੰਦ, ਲਾਇਨਜ਼ ਕਲੱਬ ਅਹਿਮਦਗੜ੍ਹ ਗ੍ਰੇਟਰ ਵੱਲ੍ਹੋ ਪ੍ਰਧਾਨ ਪਵਨ ਵਰਮਾ, ਸੈਕਟਰੀ ਰਜਨੀਸ਼ ਬਾਂਸਲ, ਜਸਵੰਤ ਸਿੰਘ ਗੋਗਾ , ਰਾਜ ਕੁਮਾਰ ਸਿੰਘ, ਰਾਕੇਸ਼ ਵਰਮਾ, ਰਵਿੰਦਰਪਾਲ ਸਿੰਘ ਬਿਰਦੀ, ਦਵਿੰਦਰ ਸਿੰਘ, ਹਿੰਦ ਹਸਪਤਾਲ ਦੀ ਟੀਮ ਵਜੋਂ ਡਾ ਫ਼ਲਕ, ਡਾ ਸ਼ਾਲਿੰਦਰ, ਡਾ ਨਾਈਲਾ, ਡਾ ਰਾਹੁਲ, ਡਾ ਦਿਵਿਆਨੀ, ਡਾ ਗੌਤਮ ਸ਼ਾਮਿਲ ਸਨ।