- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ’ਚ ਸਾਬਕਾ ਸਰਪੰਚ ਦੀ ਮੌਤ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪਿੰਡ ਸੇਖੂਵਾਸ ਦੇ ਸਾਬਕਾ ਸਰਪੰਚ ਲੀਲਾ ਸਿੰਘ ਕਟਾਰੀਆ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਪਿੰਡ ਸੇਖੂਵਾਸ ਦੇ ਸਾਬਕਾ ਸਰਪੰਚ ਲੀਲਾ ਸਿੰਘ ਕਟਾਰੀਆ (64) ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੀਲਾ ਸਿੰਘ ਕਟਾਰੀਆ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਹਿਰਾਗਾਗਾ ਵੱਲ ਆ ਰਹੇ ਸਨ। ਇਸ ਦੌਰਾਨ ਪਿੰਡ ਸੇਖੂਵਾਸ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ ਅਤੇ ਉਨ੍ਹਾਂ ਦੀ ਇੱਕ ਲੱਤ ਸਰੀਰ ਤੋਂ ਅਲੱਗ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਖੰਡੇਬਾਦ ਦੇ ਦੱਸੇ ਜਾ ਰਹੇ ਹਨ।
ਥਾਣਾ ਮੁਖੀ ਸਬ-ਇੰਸਪੈਕਟਰ ਜਸਕਰਨ ਸਿੰਘ ਨੇ ਇਸ ਭਿਆਨਕ ਹਾਦਸੇ ਸਬੰਧੀ ਦੱਸਿਆ ਕਿ ਵਿਅਕਤੀ ਦੀ ਮੌਤ ਕਾਰ ਅਤੇ ਮੋਟਰਸਾਇਕਲ ਦਰਮਿਆਨ ਟੱਕਰ ਹੋ ਜਾਣ ਕਾਰਨ ਹੋ ਗਈ ਹੈ। ਮ੍ਰਿਤਕ ਲੀਲਾ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪੁੱਤਰ ਹਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਲਦੀ ਹੀ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ, ਮ੍ਰਿਤਕ ਲੀਲਾ ਸਿੰਘ ਕਟਾਰੀਆ ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡ ਸੇਖੂਵਾਸ ਦੇ ਪੰਜ ਸਾਲ ਸਰਪੰਚ ਰਹੇ ਸਨ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਦੇ ਨਜ਼ਦੀਕੀ ਮਿੱਤਰਾਂ ਵਿੱਚੋਂ ਇੱਕ ਸਨ।